ਗੁਰਦਾਸਪੁਰ, 25 ਦਸੰਬਰ (ਚੱਕਰਾਜਾ/ਗੁਰਪ੍ਰਤਾਪ ਸਿੰਘ)-ਅੱਜ ਸ਼ਾਮ ਕਰੀਬ 5 ਵਜੇ ਜੇਲ੍ਹ ਦੀ ਪੁੱਡਾ ਮਾਰਕੀਟ ਸਥਿਤ ਪ੍ਰਸਿੱਧ ਔਜੀ ਹੱਬ ਇਮੀਗ੍ਰੇਸ਼ਨ ਦੇ ਦਫ਼ਤਰ 'ਚ ਦੋ ਨੌਜਵਾਨਾਂ ਵਲੋਂ ਗੋਲੀਆਂ ਚਲਾ ਕੇ ਮੌਕੇ ਤੋਂ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਔਜੀ ਹੱਬ ਦੇ ਮਾਲਕ ਹਰਮਨਜੀਤ ਸਿੰਘ ਕੰਗ ਅਤੇ ਸੰਦੀਪ ਸਿੰਘ ਕੰਗ ਨੰੂ ਨਿਸ਼ਾਨ ਜੌੜੀਆਂ ਨਾਂਅ ਦੇ ਵਿਅਕਤੀ ਵਲੋਂ 50 ਲੱਖ ਦੀ ਫਿਰੌਤੀ ਲਈ ਲਗਾਤਾਰ ਫੋਨ ਆ ਰਹੇ ਸਨ | ਜਿਸ ਸੰਬੰਧੀ ਉਨ੍ਹਾਂ ਵਲੋਂ ਐਸ.ਐਸ.ਪੀ. ਗੁਰਦਾਸਪੁਰ ਆਦਿੱਤਯ ਨੰੂ ਸ਼ਿਕਾਇਤ ਵੀ ਦਿੱਤੀ ਸੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਦੀਪ ਸਿੰਘ ਕੰਗ ਨੇ ਫੋਨ 'ਤੇ ਦੱਸਿਆ ਕਿ ਹਰਮਨਜੀਤ ਸਿੰਘ ਕੰਗ ਕਿਸੇ ਕੰਮ ਲਈ ਵਿਦੇਸ਼ ਗਏ ਹੋਏ ਹਨ ਅਤੇ ਉਹ ਵੀ ਕਿਸੇ ਕੰਮ ਲਈ ਜ਼ਿਲ੍ਹੇ ਤੋਂ ਬਾਹਰ ਆਏ ਹੋਏ ਹਨ | ਉਨ੍ਹਾਂ ਦੱਸਿਆ ਕਿ ਅੱਜ ਕਰੀਬ 5 ਵਜੇ ਉਨ੍ਹਾਂ ਦੇ ਦਫ਼ਤਰ 'ਤੇ ਦੋ ਮੋਟਰਸਾਈਕਲ ਸਵਾਰ ਆਏ ਨੌਜਵਾਨਾਂ ਵਲੋਂ ਗੋਲੀ ਚਲਾਈ ਗਈ | ਜਿਸ ਵਿਚ ਉਨ੍ਹਾਂ ਦੇ ਦਫ਼ਤਰ ਵਿਚ ਕੰਮ ਕਰਨ ਵਾਲੀ ਲੜਕੀ ਵਾਲ-ਵਾਲ ਬਚੀ | ਉਨ੍ਹਾਂ ਦੱਸਿਆ ਕਿ ਹਮਲਾਵਰਾਂ ਵਿਚੋਂ ਇਕ ਨੌਜਵਾਨ ਦਫ਼ਤਰ ਦੇ ਅੰਦਰ ਦਾਖ਼ਲ ਹੋਇਆ ਅਤੇ ਉਸ ਨੇ ਪੌੜੀਆਂ ਵਿਚ ਖੜ੍ਹੇ ਹੋ ਕੇ ਰਿਸੈੱਪਸ਼ਨ 'ਤੇ ਬੈਠੀ ਮੈਡਮ ਕੋਲੋਂ ਉਨ੍ਹਾਂ ਬਾਰੇ ਪੁੱਛਿਆ | ਜਿਸ ਤੋਂ ਬਾਅਦ ਉਕਤ ਨੌਜਵਾਨ ਵਲੋਂ ਉਨ੍ਹਾਂ ਦੇ ਦਫ਼ਤਰ ਦੇ ਅੰਦਰ ਗੋਲੀਆਂ ਚਲਾ ਦਿੱਤੀਆਂ ਅਤੇ ਉਕਤ ਦੋਨੋਂ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ | ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਪੁਲਿਸ ਬੱਲ ਔਜੀ ਹੱਬ ਦੇ ਦਫ਼ਤਰ ਪਹੁੰਚਿਆ ਅਤੇ ਉਨ੍ਹਾਂ ਵਲੋਂ ਮੌਕੇ ਤੋਂ ਦੋ ਖ਼ੋਲ ਬਰਾਮਦ ਕੀਤੇ ਗਏ | ਇਸ ਦੇ ਨਾਲ ਹੀ ਪੁਲਿਸ ਵਲੋਂ ਦਫ਼ਤਰ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਵੀਡੀਓ ਵੀ ਚੈੱਕ ਕਰਨੀ ਸ਼ੁਰੂ ਕਰ ਦਿੱਤੀ |
ਫਿਰੌਤੀ ਦੀ ਮੰਗ ਤੋਂ ਬਾਅਦ ਇਮੀਗ੍ਰੇਸ਼ਨ ਦਫ਼ਤਰ 'ਤੇ ਚੱਲੀਆਂ ਗੋਲੀਆਂ <br/>
ਅਜੀਤ ਡੈਸਕ
26-12-2025