17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

328 ਪਾਵਨ ਸਰੂਪ ਮਾਮਲੇ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਅੰਦੂਰਨੀ ਮਾਮਲੇ ਦੀ ਸਰਕਾਰ ਤੇ ਪੁਲਿਸ ਨੂੰ ਪੜਤਾਲ ਕਰਨ ਦਾ ਹੱਕ ਦੇਣਾ ਗ਼ੈਰਵਾਜਬ-ਸਿੰਘ ਸਾਹਿਬਾਨ <br/>

Ad Position 21
No active advertisement
ਅਜੀਤ ਡੈਸਕ 29-12-2025

ਅੰਮਿ੍ਤਸਰ, 28 ਦਸੰਬਰ (ਹਰਮਿੰਦਰ ਸਿੰਘ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਦੀ ਇਕਤੱਰਤਾ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਹੋਈ, ਜਿਸ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਧਨੌਲਾ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਪਰਵਿੰਦਰਪਾਲ ਸਿੰਘ ਤੇ ਗਿਆਨੀ ਕੇਵਲ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੁਗਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ | ਇਕੱਤਰਤਾ ਉਪਰੰਤ ਆਦੇਸ਼ ਜਾਰੀ ਕਰਦੇ ਹੋਏ ਪੰਜ ਸਿੰਘ ਸਾਹਿਬਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਚੁਣੀ ਹੋਈ ਪੰਥਕ ਅਤੇ ਸੰਵਿਧਾਨਕ ਸੰਸਥਾ ਹੈ ਅਤੇ ਭਾਰਤੀ ਸੰਵਿਧਾਨ ਅਨੁਸਾਰ ਕੋਈ ਵੀ ਸਰਕਾਰ ਕਿਸੇ ਵੀ ਧਰਮ ਦੇ ਅੰਦਰੂਨੀ ਮਾਮਲਿਆਂ ਵਿਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਦਖ਼ਲ ਨਹੀਂ ਦੇ ਸਕਦੀ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ 'ਚ ਪੰਜਾਬ ਸਰਕਾਰ ਵਲੋਂ ਕੀਤੀ ਗਈ ਕਾਨੂੰਨੀ ਕਾਰਵਾਈ ਨੂੰ ਈਸ਼ਰ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਦੇ ਆਧਾਰ 'ਤੇ ਜਾਇਜ਼ ਠਹਿਰਾਇਆ ਜਾ ਰਿਹਾ ਹੈ, ਉਨ੍ਹਾਂ ਰਿਪੋਰਟ ਦੇ ਪੰਨਾ ਨੰਬਰ 230 ਦਾ ਹਵਾਲਾ ਦਿੰਦੇ ਕਿਹਾ ਇਹ ਮਾਮਲਾ ਸਰਕਾਰੀ ਕਾਨੂੰਨ ਜਾਂ ਪੁਲਿਸ ਰਾਹੀਂ ਸਹੀ ਢੰਗ ਨਾਲ ਹੱਲ ਹੋਣ ਦੀ ਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਚਨਾਂ ਅਤੇ ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਰਾਹੀਂ ਹੀ ਸੁਲਝਾਇਆ ਜਾਣਾ ਚਾਹੀਦਾ ਹੈ | ਇਸ ਵਿਚ ਪੁਲਿਸ ਦੀ ਦਖਲਅੰਦਾਜੀ ਗਲਤ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਵਲੋਂ ਪੰਜਾਬ ਪੁਲਿਸ ਕੋਲ ਸਿੱਖਾਂ ਵਿਰੁੱਧ ਕੀਤੇ ਜਾਂਦੇ ਨਫ਼ਰਤੀ ਪ੍ਰਚਾਰ, ਸ੍ਰੀ ਹਰਿਮੰਦਰ ਸਾਹਿਬ ਦਾ ਜੰਗਲਾ ਟੱਪ ਕੇ ਬੇਅਦਬੀ ਕਰਨ ਅਤੇ ਇਕ ਔਰਤ ਵਲੋਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਯੋਗਾ ਕਰਨ ਸਮੇਤ ਹੋਰ ਮਾਮਲਿਆਂ ਸੰਬੰਧੀ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਪਰ ਪੁਲਿਸ ਨੇ ਨਫ਼ਰਤੀ ਪ੍ਰਚਾਰ ਦੇ ਦੋਸ਼ੀਆਂ ਵਿਰੁੱਧ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ | ਦੂਜੇ ਪਾਸੇ, ਨਿਹੰਗ ਬਾਣੇ 'ਚ ਹੋਣ ਕਰਕੇ ਇਕ ਸਿੱਖ 'ਤੇ ਖਿਡਾਉਣਾ ਬੰਦੂਕ ਦਿਖਾਉਣ ਸੰਬੰਧੀ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ | ਅਜਿਹੇ 'ਚ ਸਰਕਾਰ ਤੇ ਪੁਲਿਸ ਨੂੰ ਸ਼੍ਰੋਮਣੀ ਕਮੇਟੀ ਦੇ ਅੰਦੂਰਨੀ ਮਾਮਲੇ ਦੀ ਪੜਤਾਲ ਕਰਨ ਦਾ ਹੱਕ ਦੇਣ ਦੀ ਮੰਗ ਗ਼ੈਰ-ਵਾਜਬ ਹੈ | ਉਨ੍ਹਾਂ ਰਿਪੋਰਟ ਦਾ ਹਵਾਲਾ ਦਿੰਦੇ ਕਿਹਾ ਕਿ ਪੰਨਾ ਨੰਬਰ 231 'ਤੇ ਸਪੱਸ਼ਟ ਲਿਖਿਆ ਹੈ ਕਿ ਪਾਵਨ ਸਰੂਪਾਂ ਦੇ ਮਸਲਿਆਂ ਦਾ ਕੋਈ ਵੀ ਰਾਜਨੀਤਿਕ ਪਾਰਟੀ ਆਪਣਾ ਸ਼ਖ਼ਸੀ ਲਾਭ ਉਠਾਉਣ ਦਾ ਯਤਨ ਨਾ ਕਰੇ, ਜੇਕਰ ਕੋਈ ਵੀ ਰਾਜਨੀਤਿਕ ਪਾਰਟੀ ਅਜਿਹਾ ਕਰਨ ਦਾ ਯਤਨ ਕਰੇਗੀ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਤੀ ਜਵਾਬਦੇਹ ਹੋਵੇਗੀ | ਉਨ੍ਹਾਂ ਮੌਜੂਦਾ ਪੰਜਾਬ ਸਰਕਾਰ ਅਤੇ ਸੱਤਾਧਾਰੀ ਸਿਆਸੀ ਪਾਰਟੀ ਨੂੰ ਅਗਾਹ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਸਿੱਖਾਂ ਦੇ ਇਸ ਅੰਦਰੂਨੀ ਮਾਮਲੇ ਵਿਚ ਦਖ਼ਲਅੰਦਾਜ਼ੀ ਬੰਦ ਨਾ ਕੀਤੀ ਤਾਂ ਪੰਥਕ ਰਵਾਇਤਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ 17 ਨਵੰਬਰ, 2020 ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਸ਼੍ਰੋਮਣੀ ਕਮੇਟੀ ਦੇ 100 ਸਾਲਾ ਸ਼ਤਾਬਦੀ ਸਮਾਗਮ ਮੌਕੇ ਦਿੱਤੇ ਗਏ ਬਿਆਨ ਦਾ ਹਵਾਲਾ ਦਿੰਦਿਆਂ ਸਪੱਸ਼ਟ ਕੀਤਾ ਕਿ ਇਹ ਮਾਮਲਾ ਪ੍ਰਬੰਧਕੀ ਭਿ੍ਸ਼ਟਾਚਾਰ ਅਤੇ ਵਿੱਤੀ ਅਣਗਹਿਲੀ ਨਾਲ ਸੰਬੰਧਿਤ ਸੀ, ਜਿਸ ਵਿਚ ਦੋਸ਼ੀ ਮੁਲਾਜ਼ਮਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਬਰਖ਼ਾਸਤ ਕੀਤਾ ਜਾ ਚੁੱਕਾ ਹੈ | ਸਿੰਘ ਸਾਹਿਬਾਨ ਵਲੋਂ ਆਦੇਸ਼ ਕੀਤਾ ਗਿਆ ਕਿ ਇਸ ਮਾਮਲੇ 'ਚ ਸਰਕਾਰ ਜਾਂ ਪੁਲਿਸ ਨਾਲ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਪੰਥਕ ਹਿੱਤਾਂ 'ਚ ਨਹੀਂ ਹੈ | ਉਨ੍ਹਾਂ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਹ ਮਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਆਪਸੀ ਵਿਚਾਰ-ਵਟਾਂਦਰੇ ਰਾਹੀਂ ਸੁਲਝਾਇਆ ਜਾਵੇ | ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਗਿਆ ਕਿ ਸੰਗਤ ਦੇ ਸ਼ੰਕੇ ਦੂਰ ਕਰਨ ਲਈ ਪੁਰਜ਼ੋਰ ਯਤਨ ਕਰੇ ਅਤੇ ਜੇਕਰ ਕਿਸੇ ਵੀ ਥਾਂ ਪਾਵਨ ਸਰੂਪ ਮਿਲਣ ਤਾਂ ਉਸ ਦੀ ਤੁਰੰਤ ਇਤਲਾਹ ਕੇਂਦਰੀ ਦਫ਼ਤਰ, ਅੰਮਿ੍ਤਸਰ ਵਿਖੇ ਦਿੱਤੀ ਜਾਵੇ | ਇਕੱਤਰਤਾ ਦੌਰਾਨ ਮੈਰਿਜ ਪੈਲੇਸਾਂ, ਵਾਪਰਕ ਤੌਰ 'ਤੇ ਵਰਤੇ ਜਾਣ ਵਾਲੇ ਫਾਰਮ ਹਾਊਸਾਂ 'ਚ ਅਨੰਦ ਕਾਰਜ ਕਰਵਾਉਣ ਦੇ ਮਾਮਲੇ ਨੂੰ ਵਿਚਾਰਨ ਉਪਰੰਤ ਆਦੇਸ਼ ਕੀਤਾ ਕਿ ਮੈਰਿਜ ਪੈਲੇਸਾਂ, ਰਿਜ਼ੋਰਟਾਂ, ਸਮੁੰਦਰਾਂ ਦੇ ਕੰਢੇ ਬੀਚਾਂ ਅਤੇ ਵਪਾਰਕ ਫਾਰਮ ਹਾਊਸਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਅਨੰਦ ਕਾਰਜ ਕਰਨ 'ਤੇ ਪੂਰਨ ਰੂਪ 'ਚ ਪਾਬੰਦੀ ਹੈ | ਅਜਿਹੀਆਂ ਥਾਵਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਹੀਂ ਲਿਜਾਏ ਜਾ ਸਕਦੇ | ਉਨ੍ਹਾਂ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ, ਪ੍ਰਬੰਧਕਾਂ ਤੇ ਸੇਵਾਦਾਰਾਂ ਅਤੇ ਰਾਗੀ ਜਥਿਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਇਨ੍ਹਾਂ ਆਦੇਸ਼ਾਂ ਦਾ ਪੂਰਨ ਪਾਲਣ ਕਰਨ | ਗੁਰੂ ਸਾਹਿਬਾਨ, ਸਿੱਖ ਯੋਧਿਆ, ਸ਼ਹੀਦਾਂ ਸੰਬੰਧੀ ਐਨੀਮੇਸ਼ਨ ਫ਼ਿਲਮਾਂ ਅਤੇ ਏ. ਆਈ. ਰਾਹੀਂ ਵੀਡੀਓ ਬਣਾਉਣ ਦੇ ਮਾਮਲੇ ਨੂੰ ਵਿਚਾਰਨ ਉਪਰੰਤ ਪੰਜ ਸਿੰਘ ਸਾਹਿਬਾਨ ਵਲੋਂ ਆਦੇਸ਼ ਕੀਤਾ ਗਿਆ ਕਿ ਮੌਜੂਦਾ ਸੂਚਨਾ ਤਕਨਾਲੋਜੀ ਅਤੇ ਏ. ਆਈ. ਦੇ ਯੁੱਗ ਵਿਚ ਇਹ ਬਹੁਤ ਹੀ ਸੰਜੀਦਾ ਅਤੇ ਅਹਿਮ ਮਸਲਾ ਹੈ, ਜਿਸ ਸੰਬੰਧੀ ਠੋਸ ਨੀਤੀ ਬਣਾਉਣ ਦੀ ਲੋੜ ਹੈ | ਇਸ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 2 ਮਈ 2025 ਨੂੰ ਸਿੱਖ ਵਿਦਵਾਨਾਂ, ਬੁੱਧੀਜੀਵੀਆਂ ਤੇ ਪੰਥਕ ਸ਼ਖ਼ਸੀਅਤਾਂ ਨਾਲ ਵੀ ਦੀਰਘ ਵਿਚਾਰ ਕੀਤੇ ਗਏ ਸਨ | ਪੰਜ ਸਿੰਘ ਸਾਹਿਬਾਨ ਵਲੋਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਗਿਆ ਕਿ ਭਾਰਤ ਦੇ ਵੱਡੇ ਫ਼ਿਲਮ ਨਿਰਮਾਤਾ ਘਰਾਣਿਆਂ ਨੂੰ ਚਿੱਠੀਆਂ ਲਿਖ ਕੇ ਇਸ ਆਦੇਸ਼ ਦੀ ਕਾਪੀ ਭੇਜੀ ਜਾਵੇ ਅਤੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਜਾਵੇ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਕੋਈ ਵੀ ਫ਼ਿਲਮ ਨਾ ਬਣਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਲਾਪਤਾ ਵਿਆਹੁਤਾ ਦੀ ਗਲ ਵੱਢ ਕੇ ਹੱਤਿਆ <br/> ਅਗਲੀ ਖ਼ਬਰ ਨਵੀਂ ਸ਼ਰਾਬ ਨੀਤੀ 'ਚ ਠੇਕੇਦਾਰ ਨੂੰ ਹੋਰ ਸਬ-ਵੈਂਡ ਖੋਲ੍ਹਣ ਦੇ ਮਾਮਲੇ 'ਚ ਮਿਲੇਗੀ ਰਾਹਤ <br/>
Ad Position 24