ਬਠਿੰਡਾ, 28 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਬੀਤੇ ਕੱਲ੍ਹ ਤੋਂ ਲਾਪਤਾ ਹੋਈ ਸ਼ਹਿਰ ਦੀ ਇਕ ਵਿਆਹੁਤਾ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ, ਜਿਸ ਦੀ ਝਾੜੀਆਂ 'ਚੋਂ ਲਾਸ਼ ਮਿਲੀ ਹੈ | ਘਟਨਾ ਸਥਾਨ 'ਤੇ ਮੌਜੂਦ ਐਸ.ਪੀ. (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਸਥਾਨਕ ਅਰਜੁਨ ਨਗਰ ਦੀ ਵਸਨੀਕ ਤੇ ਬਠਿੰਡਾ ਦੇ ਇਕ ਕੱਪੜੇ ਦੇ ਸ਼ੋਅਰੂਮ 'ਚ ਕੰਮ ਕਰਦੀ 24 ਸਾਲਾ ਰੀਤਿਕਾ ਗੋਇਲ ਬੀਤੇ ਕੱਲ੍ਹ ਅਚਾਨਕ ਲਾਪਤਾ ਹੋ ਗਈ ਸੀ, ਜਿਸ ਸਬੰਧੀ ਉਸ ਦੇ ਵਾਰਸਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਕੈਨਾਲ ਕਾਲੋਨੀ ਸਮੇਤ ਪੁਲਿਸ ਦੀਆਂ ਟੀਮਾਂ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਅੱਜ ਉਨ੍ਹਾਂ ਨੂੰ ਸਥਾਨਕ ਠੰਡੀ ਸੜਕ ਨਜ਼ਦੀਕ ਸਥਿਤ ਝਾੜੀਆਂ ਵਿਚ ਇਕ ਔਰਤ ਦੀ ਲਾਸ਼ ਪਈ ਹੋਣ ਬਾਰੇ ਸੂਚਨਾ ਮਿਲੀ ਤਾਂ ਮਿ੍ਤਕਾ ਦੀ ਪਹਿਚਾਣ ਉਕਤ ਰੀਤਿਕਾ ਗੋਇਲ ਵਜੋਂ ਹੋਈ | ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਗੱਲ ਵੱਢ ਕੇ ਕਤਲ ਕੀਤਾ ਗਿਆ ਹੈ, ਜਿਸ ਦੇ ਆਧਾਰ 'ਤੇ ਥਾਣਾ ਕੈਨਾਲ ਕਾਲੋਨੀ ਵਿਚ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ | ਉੱਧਰ ਇਸ ਮੌਕੇ ਮੌਜੂਦ ਮਿ੍ਤਕਾ ਦੇ ਪਤੀ ਸਾਹਿਲ ਨੇ ਦੱਸਿਆ ਕਿ ਉਸ ਦੀ ਪਤਨੀ ਬਠਿੰਡਾ ਦੇ ਬੈਂਕ ਬਾਜ਼ਾਰ ਨਜ਼ਦੀਕ ਇਕ ਸ਼ੋਅਰੂਮ 'ਚ ਕੰਮ ਕਰਦੀ ਸੀ, ਜਿੱਥੋਂ ਉਹ ਮੋਬਾਇਲ ਦਾ ਕਲੇਮ ਲੈਣ ਲਈ ਕਹਿ ਕੇ ਕਿੱਧਰੇ ਚਲੀ ਗਈ ਸੀ ਤੇ ਉਸ ਨਾਲ ਫੋਨ 'ਤੇ ਦੋ ਵਾਰ ਹੋਈ ਗੱਲਬਾਤ ਦੌਰਾਨ ਉਸ ਨੇ ਛੇਤੀ ਘਰ ਆਉਣ ਬਾਰੇ ਕਿਹਾ ਪਰ ਕੁਝ ਸਮੇਂ ਬਾਅਦ ਉਸ ਦਾ ਫੋਨ ਬੰਦ ਆਉਣ ਲੱਗ ਪਿਆ | ਉਸ ਨੇ ਦੋਸ਼ ਲਗਾਏ ਕਿ ਮਿਸਤਰੀ ਦਾ ਕੰਮ ਕਰਦਾ ਇਕ ਲੜਕਾ ਉਸ ਨੂੰ ਕਾਫੀ ਸਮੇਂ ਤੋਂ ਤੰਗ-ਪ੍ਰੇਸ਼ਾਨ ਕਰ ਰਿਹਾ ਸੀ, ਜਿਸ ਦਾ ਇਸ ਘਟਨਾ ਪਿੱਛੇ ਹੱਥ ਹੋ ਸਕਦਾ |
ਲਾਪਤਾ ਵਿਆਹੁਤਾ ਦੀ ਗਲ ਵੱਢ ਕੇ ਹੱਤਿਆ <br/>
ਅਜੀਤ ਡੈਸਕ
29-12-2025