ਅੰਮਿ੍ਤਸਰ, 28 ਦਸੰਬਰ (ਸੁਰਿੰਦਰ ਕੋਛੜ)-ਭਾਰਤ ਵਲੋਂ ਜੰਮੂ-ਕਸ਼ਮੀਰ 'ਚ ਚਨਾਬ ਨਦੀ 'ਤੇ ਦੁਲਹਸਤੀ-2 ਪਣ-ਬਿਜਲੀ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਦੇ ਫ਼ੈਸਲੇ ਨਾਲ ਪਾਕਿਸਤਾਨ 'ਚ ਹਲਚਲ ਮੱਚ ਗਈ ਹੈ ਅਤੇ ਉਸ ਨੇ ਇਸ ਨੂੰ ਸਿੰਧੂ ਜਲ ਸੰਧੀ (ਆਈ. ਡਬਲਿਊ. ਟੀ.) ਦੀ ਘੋਰ ਉਲੰਘਣਾ ਦੱਸਿਆ ਹੈ | ਇਸ ਪ੍ਰਾਜੈਕਟ 'ਤੇ 3,277.45 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਪਣ-ਬਿਜਲੀ ਪ੍ਰਾਜੈਕਟ 'ਤੇ ਕੰਮ ਦੀ ਸ਼ੁਰੂਆਤ ਅਗਲੇ ਸਾਲ ਦੇ ਸ਼ੁਰੂ 'ਚ ਕੀਤੀ ਜਾ ਸਕਦੀ ਹੈ | ਇਹ ਪ੍ਰਾਜੈਕਟ 260 ਮੈਗਾਵਾਟ ਤੱਕ ਬਿਜਲੀ ਪੈਦਾ ਕਰੇਗਾ | ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਤੋਂ ਬਾਅਦ ਬਿਜਲੀ ਉਤਪਾਦਨ ਲਈ ਮਹੱਤਵਪੂਰਨ ਇਸ ਫ਼ੈਸਲੇ ਨੂੰ ਗੁਆਂਢੀ ਮੁਲਕ ਪਾਕਿ ਲਈ ਇਕ ਸਖ਼ਤ ਸੰਦੇਸ਼ ਵਜੋਂ ਵੇਖਿਆ ਜਾ ਰਿਹਾ ਹੈ | ਭਾਰਤੀ ਕਾਰਵਾਈ ਤੋਂ ਬਾਅਦ ਪਾਕਿ ਕੌਮਾਂਤਰੀ ਪਲੇਟਫ਼ਾਰਮਾਂ 'ਤੇ ਭਾਰਤ ਵਿਰੁੱਧ ਆਪਣੀ ਮੁਹਿੰਮ ਤੇਜ਼ ਕਰ ਰਿਹਾ ਹੈ | ਪਾਕਿ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ. ਐੱਨ. ਐੱਸ. ਸੀ.) ਨੂੰ ਇਕ ਪੱਤਰ ਲਿਖਿਆ ਹੈ ਜਿਸ 'ਚ ਭਾਰਤ 'ਤੇ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਕੇ ਪਾਣੀ ਨੂੰ ਹਥਿਆਰ ਬਣਾਉਣ ਦਾ ਦੋਸ਼ ਲਗਾਇਆ ਹੈ | ਪਾਕਿ ਦਾ ਦਾਅਵਾ ਹੈ ਕਿ ਇਸ ਨਾਲ ਲੱਖਾਂ ਪਾਕਿਸਤਾਨੀਆਂ ਲਈ ਮਨੁੱਖੀ ਅਧਿਕਾਰਾਂ ਅਤੇ ਖ਼ੁਰਾਕ ਸੁਰੱਖਿਆ ਸੰਕਟ ਪੈਦਾ ਹੋ ਗਿਆ ਹੈ | ਯੂ. ਐੱਨ. ਐੱਸ. ਸੀ. ਦੇ ਪ੍ਰਧਾਨ, ਸੰਯੁਕਤ ਰਾਸ਼ਟਰ ਸਕੱਤਰ-ਜਨਰਲ ਅਤੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਪ੍ਰਧਾਨ ਨੂੰ ਭੇਜੇ ਗਏ ਪੱਤਰ 'ਚ ਪਾਕਿਸਤਾਨ ਨੇ ਭਾਰਤ ਦੇ ਫ਼ੈਸਲੇ ਦਾ ਵਿਰੋਧ ਕੀਤਾ ਹੈ | ਪਾਕਿ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮੁਹੰਮਦ ਇਸਹਾਕ ਡਾਰ ਨੇ ਸੰਧੀ ਦੇ ਮੁਅੱਤਲ ਹੋਣ ਤੋਂ ਬਾਅਦ ਭਾਰਤ 'ਤੇ ਪਾਣੀ ਨੂੰ ਹਥਿਆਰ ਬਣਾਉਣਾ ਜਾਰੀ ਰੱਖਣ ਦਾ ਦੋਸ਼ ਲਗਾਇਆ | ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਗੰਭੀਰ ਖ਼ਤਰਾ ਹੈ |