27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਪਾਕਿ ਜਿਸ ਸਿੱਖ ਟ੍ਰੈਫ਼ਿਕ ਇੰਸਪੈਕਟਰ ਦੇ ਚਿਹਰੇ ਦੀ ਸਰਕਾਰੀ ਇਸ਼ਤਿਹਾਰਾਂ 'ਚ ਕਰ ਰਿਹਾ ਵਰਤੋਂ, ਉਹ 7 ਸਾਲ ਤੋਂ ਮੁਅੱਤਲ <br/>

Ad Position 21
No active advertisement
ਅਜੀਤ ਡੈਸਕ 30-12-2025

ਅੰਮਿ੍ਤਸਰ, 29 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਪਿਛਲੇ 3-4 ਵਰਿ੍ਹਆਂ ਤੋਂ ਘੱਟ-ਗਿਣਤੀ ਦਿਵਸ ਅਤੇ ਪਾਕਿਸਤਾਨ-ਡੇਅ ਮੌਕੇ ਆਪਣੇ ਜਿਸ ਪਹਿਲੇ ਸਿੱਖ ਟਰੈਫ਼ਿਕ ਵਾਰਡਨ ਗੁਲਾਬ ਸਿੰਘ ਸ਼ਾਹੀਨ ਦਾ ਚਿਹਰਾ ਸਰਕਾਰੀ ਇਸ਼ਤਿਹਾਰਾਂ ਅਤੇ ਹੋਰਡਿੰਗਜ਼ 'ਤੇ ਵਰਤ ਕੇ ਘੱਟ-ਗਿਣਤੀ ਭਾਈਚਾਰੇ ਨੂੰ ਸਾਰੀਆਂ ਸੁੱਖ-ਸੁਵਿਧਾਵਾਂ ਦੇਣ ਦੇ ਦਾਅਵੇ ਕਰਦੀ ਆ ਰਹੀ ਹੈ, ਦਰਅਸਲ ਉਹ ਸਿੱਖ ਇੰਸਪੈਕਟਰ ਪਿਛਲੇ 7 ਸਾਲ ਤੋਂ ਮੁਅੱਤਲ ਹੈ ਅਤੇ ਇਨਸਾਫ਼ ਲਈ ਭਟਕ ਰਿਹਾ ਹੈ | ਗੁਲਾਬ ਸਿੰਘ ਨੇ ਫ਼ੋਨ 'ਤੇ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 4 ਅਪ੍ਰੈਲ 2018 ਨੂੰ ਡਿਊਟੀ ਦੌਰਾਨ ਲਾਹੌਰ ਦੇ ਮੁਗਲਪੁਰਾ ਪੁਲ 'ਤੇ ਇਕ ਸੜਕ ਦੁਰਘਟਨਾ ਦੌਰਾਨ ਉਸ ਦੀ ਲੱਤ ਅਤੇ ਬਾਂਹ ਦੀ ਹੱਡੀ ਟੁੱਟ ਗਈ ਸੀ, ਜਿਸ ਦੇ ਚੱਲਦਿਆਂ ਡਾਕਟਰਾਂ ਦੁਆਰਾ ਉਸ ਨੂੰ 4 ਤੋਂ 6 ਮਹੀਨੇ ਤੱਕ ਆਰਾਮ ਕਰਨ ਦੀ ਸਲਾਹ ਦਿੱਤੀ ਅਤੇ ਇਸ ਬਾਰੇ ਪੁਲਿਸ ਉੱਚ ਅਧਿਕਾਰੀਆਂ ਨੂੰ ਵੀ ਜਾਣਕਾਰੀ ਸੀ | ਉਸ ਨੇ ਦੱਸਿਆ ਕਿ ਨੌਕਰੀ ਤੋਂ ਬਰਖ਼ਾਸਤ ਕੀਤੇ ਜਾਣ ਦੇ ਤਿੰਨ ਦਿਨ ਪਹਿਲਾਂ ਸਿਹਤ 'ਚ ਸੁਧਾਰ ਹੋਣ 'ਤੇ ਉਸ ਨੇ ਨਿਯਮ ਨਾਲ ਡਿਊਟੀ 'ਤੇ ਜਾਣਾ ਸ਼ੁਰੂ ਕਰ ਦਿੱਤਾ ਸੀ | ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਸਾਬਕਾ ਵਧੀਕ ਸਕੱਤਰ (ਸ਼ਰਾਈਨਜ਼) ਨੇ ਉਸ ਕੋਲੋਂ ਲਾਹੌਰ ਦੇ ਸਰਹੱਦੀ ਪਿੰਡ ਡੇਰਾ ਚਾਹਲ ਦੇ ਗੁਰਦੁਆਰਾ ਜਨਮ ਅਸਥਾਨ ਬੇਬੇ ਨਾਨਕੀ 'ਚ ਰੱਖੀ ਰਿਹਾਇਸ਼ ਵੀ ਖਾਲੀ ਕਰਵਾ ਲਈ, ਜਿਸ ਕਾਰਨ ਉਹ ਲਗਪਗ 7 ਸਾਲ ਤੋਂ ਕਿਰਾਏ ਦੇ ਘਰਾਂ 'ਚ ਪਰਿਵਾਰ ਨਾਲ ਭਟਕ ਰਿਹਾ ਹੈ | ਗੁਲਾਬ ਸਿੰਘ ਨੇ ਉਕਤ ਮਾਮਲੇ ਨੂੰ ਲੈ ਕੇ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਤੋਂ ਵੀ ਇਨਸਾਫ਼ ਦੀ ਅਪੀਲ ਕੀਤੀ ਹੈ | ਦੂਜੇ ਪਾਸੇ, ਪੁਲਿਸ ਅਧਿਕਾਰੀਆਂ ਨੇ ਗੁਲਾਬ ਸਿੰਘ 'ਤੇ ਤਿੰਨ ਮਹੀਨਿਆਂ ਤੱਕ ਡਿਊਟੀ ਤੋਂ ਗੈਰ-ਹਾਜ਼ਰ ਰਹਿਣ, ਪੜ੍ਹਾਈ ਦੇ ਜਾਅਲੀ ਸਰਟੀਫਿਕੇਟ ਦੇ ਕੇ ਨੌਕਰੀ ਪ੍ਰਾਪਤ ਕਰਨ, ਡਿਊਟੀ ਦੌਰਾਨ ਵਰਦੀ ਨਾ ਪਹਿਨਣ ਅਤੇ ਉੱਚ ਅਧਿਕਾਰੀਆਂ ਵਲੋਂ ਮਿਲੇ ਹੁਕਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਲਗਾਏ ਹਨ | ਇਨ੍ਹਾਂ ਸਾਰੇ ਦੋਸ਼ਾਂ ਨੂੰ ਗੁਲਾਬ ਸਿੰਘ ਨੇ ਨਿਰਾਧਾਰ ਦੱਸਦਿਆਂ ਕਿਹਾ ਕਿ ਇਕ ਪਾਕਿਸਤਾਨੀ ਸਿੱਖ ਆਗੂ ਦੇ ਇਸ਼ਾਰੇ 'ਤੇ ਉਸ ਨੂੰ ਬੇਘਰ ਕਰਨ ਦੇ ਨਾਲ-ਨਾਲ ਨੌਕਰੀ ਤੋਂ ਮੁਅੱਤਲ ਰੱਖਿਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਦੇ ਪਿੰਡ ਲੰਗੋਮਾਹਲ ਦੇ ਕਿਸਾਨਾਂ ਨੂੰ 'ਅਜੀਤ' ਪ੍ਰਕਾਸ਼ਨ ਸਮੂਹ ਨੇ ਯੂਰੀਆ ਖਾਦ ਵੰਡੀ <br/> ਅਗਲੀ ਖ਼ਬਰ ਹਾਈ ਕੋਰਟ ਦਾ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਬਰਖ਼ਾਸਤਗੀ 'ਚ ਦਖ਼ਲ ਤੋਂ ਇਨਕਾਰ <br/>
Ad Position 24