ਕਿਸ਼ਨਪੁਰਾ ਕਲਾਂ, 6 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪੰਜਾਬ ਵਿਚ ਕਿਸਾਨਾਂ ਨੂੰ ਵੱਖ-ਵੱਖ ਸਮੇਂ 'ਤੇ ਬਹੁਤ ਸਾਰੀਆਂ ਮੁਸ਼ਕਿਲਾਂ ਨਾਲ ਲੜਨਾ ਪੈਂਦਾ ਹੈ ਚਾਹੇ ਉਹ ਕੁਦਰਤ ਦੀ ਮਾਰ ਹੋਵੇ ਚਾਹੇ ਉਹ ਵਪਾਰੀਆਂ ਦੀ ਕਾਲਾਬਾਜ਼ਾਰੀ ਨਾਲ ਕਿਸਾਨਾਂ ਦੀ ਲੁੱਟ ਹੋਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸ਼ਨਪੁਰਾ ਕਲਾਂ ਤੋਂ ਮੈਂਬਰ ਪੰਚਾਇਤ ਜਸਵਿੰਦਰ ਸਿੰਘ ਅÏਲਖ ਅਤੇ ਪ੍ਰਧਾਨ ਜਸਵੀਰ ਸਿੰਘ ਮਾਨ ਵਲੋਂ ਕੀਤਾ ਗਿਆ | ਮੈਂਬਰ ਪੰਚਾਇਤ ਜਸਵਿੰਦਰ ਸਿੰਘ ਔਲਖ ਨੇ ਕਿਹਾ ਕਿ ਅੱਜ ਕੱਲ੍ਹ ਦੁਕਾਨਦਾਰਾਂ ਵਲੋਂ ਡੀ.ਏ.ਪੀ. ਅਤੇ ਯੂਰੀਆ ਆਦਿ ਖਾਦ ਵਿਚ ਕਿਸਾਨਾਂ ਦੀ ਭਾਰੀ ਲੁੱਟ ਕੀਤੀ ਜਾ ਰਹੀ ਹੈ | ਪੰਜਾਬ ਵਿਚ ਹਰ ਸਮੇਂ ਖਾਦ ਦੀ ਕਿੱਲਤ ਪੈਦਾ ਕਰਕੇ ਰੱਖੀ ਜਾਂਦੀ ਹੈ ਜਿਸ ਕਰਕੇ ਕਿਸਾਨਾਂ ਨੂੰ ਫਸਲ ਬੀਜਣ ਤੋਂ ਪਹਿਲਾਂ ਹੀ ਖਾਦ ਖਰੀਦ ਕੇ ਰੱਖਣ ਲਈ ਮਜਬੂਰ ਕੀਤਾ ਜਾਂਦਾ ਹੈ | ਅੱਜ ਕੱਲ੍ਹ ਹਾੜੀ ਦੀ ਫਸਲ ਲਈ ਜੋ ਡੀ.ਏ.ਪੀ. ਬਾਜ਼ਾਰ ਵਿਚ ਆ ਰਹੀ ਹੈ ਦੁਕਾਨਦਾਰਾਂ ਵਲੋਂ ਇਕ ਬੋਰੀ ਨਾਲ 600 ਤੋਂ 700 ਰੁਪਏ ਦਾ ਘਟੀਆ ਕਿਸਮ ਦਾ ਸਮਾਨ ਵੇਚਿਆ ਜਾ ਰਿਹਾ ਹੈ | ਮੈਂਬਰ ਪੰਚਾਇਤ ਜਸਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਜਦ ਇਹ ਮਸਲਾ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਤੁਰੰਤ ਜਾਂਚ ਦੇ ਆਦੇਸ਼ ਦੇਣ ਦਾ ਭਰੋਸਾ ਦਵਾਉਂਦਿਆਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਖਾਦਾਂ ਦੀ ਕਾਲਾ ਬਾਜ਼ਾਰੀ ਕਰਦਾ ਹੈ ਤਾਂ ਉਸ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਹੈ ਕਿ ਖੇਤੀਬਾੜੀ ਮੰਤਰੀ ਵਲੋਂ ਦਿੱਤੇ ਭਰੋਸੇ ਦਾ ਕਾਲਾਬਾਜ਼ਾਰੀ ਕਰਨ ਵਾਲਿਆਂ 'ਤੇ ਕਿੰਨਾ ਕੁ ਅਸਰ ਪੈਂਦਾ ਹੈ ਇਹ ਤਾਂ ਆਉਣ ਵਾਲੇ ਦਿਨਾਂ ਵਿਚ ਹੀ ਪਤਾ ਲੱਗੇਗਾ |