ਕੋਟ ਈਸੇ ਖਾਂ/ਫਤਿਹਗੜ੍ਹ ਪੰਜਤੂਰ, 6 ਸਤੰਬਰ (ਗੁਰਮੀਤ ਸਿੰਘ ਖਾਲਸਾ/ਜਸਵਿੰਦਰ ਸਿੰਘ ਪੋਪਲੀ)-1947 ਤੋਂ ਬਾਅਦ ਭਾਵੇਂ ਕਿ ਦੇਸ਼ ਆਜ਼ਾਦ ਹੋਣ ਦੀਆਂ ਗੱਲਾਂ ਕਰਕੇ ਦੇਸ਼ ਦੇ ਹਾਕਮਾਂ ਨੇ ਕਈ ਤਰ੍ਹਾਂ ਦੇ ਸੋਹਲੇ ਗਾਏ ਕਿ ਲੋਕ ਹੁਣ ਖੁਸ਼ਹਾਲੀ ਭਰਿਆ ਜੀਵਨ ਬਤੀਤ ਕਰਨਗੇ ਪਰ ਜੇਕਰ ਦਰਿਆਵਾਂ ਨੇੜਲੇ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰਾਂ ਨੇ ਲਗਾਤਾਰ ਸਿਆਸਤਾਂ ਕੀਤੀਆਂ ਪਰ ਜ਼ਮੀਨੀ ਪੱਧਰ 'ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਾਰ ਨਹੀਂ ਲਈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਖਾਲਸਾ ਨੇ ਹਲਕਾ ਧਰਮਕੋਟ ਦੇ ਧੁੱਸੀ ਬੰਨ੍ਹ ਨੇੜੇ ਸਤਲੁਜ ਦੀ ਮਾਰ ਨਾਲ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕਰਨ ਉਪਰੰਤ ਕਰਦਿਆਂ ਕਿਹਾ ਕਿ ਲੋੜ ਇਸ ਗੱਲ ਦੀ ਹੋਣੀ ਚਾਹੀਦੀ ਸੀ ਕਿ ਦਰਿਆ ਨੇੜਲੇ ਲੋਕਾਂ ਨੂੰ ਦਰਿਆਵਾਂ ਦੀ ਮਾਰ ਨਾ ਪਵੇ ਤੇ ਜਿੱਥੇ ਬੰਨ੍ਹ ਲੋੜੀਂਦੇ ਹਨ ਉਹ ਬਣਾ ਕੇ ਮਜ਼ਬੂਤ ਕੀਤੇ ਜਾਂਦੇ ਪਰ ਲੀਡਰ ਜਦੋਂ ਹੜ੍ਹਾਂ ਦੀ ਮਾਰ ਪੈ ਜਾਂਦੀ ਹੈ ਤਾਂ ਉੱਥੇ ਜਾ ਕੇ ਦਿਖਾਵੇ ਕਰਦੇ ਹਨ | ਖਾਲਸਾ ਨੇ ਕਿਹਾ ਕਿ 1988 ਤੋਂ ਬਾਅਦ ਜਿਹੜੀ ਹੁਣ ਹੜ੍ਹਾਂ ਦੀ ਮਾਰ ਪਈ ਹੈ ਇਹ ਇਉਂ ਲੱਗਦਾ ਹੈ ਜਿਵੇਂ ਇੱਕ ਸੋਚੀ ਸਮਝੀ ਸਾਜ਼ਿਸ਼ ਹੋਵੇ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਨੂੰ ਪ੍ਰਵਾਹ ਹੈ ਤਾਂ ਮੁਆਵਜ਼ੇ ਤੁਰੰਤ ਜਾਰੀ ਕਰਕੇ ਆਪਣਾ ਫਰਜ਼ ਨਿਭਾਉਣ | ਇਸ ਮੌਕੇ ਜਗਜੀਤ ਸਿੰਘ ਧਰਮਕੋਟ, ਯੂਥ ਪ੍ਰਧਾਨ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ |