ਠੱਠੀ ਭਾਈ, 24 ਸਤੰਬਰ (ਜਗਰੂਪ ਸਿੰਘ ਮਠਾੜੂ)-ਮਾਲਵੇ ਦੀ ਕਵੀਸ਼ਰੀ ਦੇ 'ਬਾਬਾ ਬੋਹੜ' ਮਹਾਨ ਕਵੀਸ਼ਰ ਗਿਆਨੀ ਗੁਰਨਾਮ ਸਿੰਘ ਬਰਾੜ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਰੱਖੇ ਗਏ ਯਾਦਗਾਰੀ ਸਮਾਗਮ ਦੌਰਾਨ ਅੰਤਰਰਾਸ਼ਟਰੀ ਗੋਲਡ ਮੈਡਲਿਸਟ ਕਵੀਸ਼ਰ ਭਾਈ ਵੀਰਭਾਨ ਸਿੰਘ ਮੌੜ ਮਾਲਵਾ ਦਾ ਗਿਆਨੀ ਗੁਰਨਾਮ ਸਿੰਘ ਬਰਾੜ ਕਵੀਸ਼ਰ ਸਭਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਮਾਗਮ ਦੇ ਮੁੱਖ ਸਟੇਜ ਤੇ ਪ੍ਰਧਾਨ ਮਨਪ੍ਰੀਤ ਸਿੰਘ ਮਾਨ, ਪ੍ਰੀਤ ਸੰਦਲ, ਜੀਵਨ ਸਿੰਘ ਰੋਡੇ, ਸੁਖਰਾਜ ਮੱਲੇਆਣਾ, ਨਰਿੰਦਰ ਢਿਲਵਾਂ, ਸੋਮਨਾਥ ਰੋਡੇ, ਲਖਬੀਰ ਸਿੰਘ, ਇਕਬਾਲ ਫੇਰੋਕੇ, ਕੁਲਵੰਤ ਸਿੰਘ ਮਾਣੂੰਕੇ, ਉਂਕਾਰ ਸਿੰਘ ਮਾਝੀ, ਗੁਰਚਰਨ ਛਾਜਲੀ, ਅਮਰੀਕ ਸਿੰਘ, ਮਨਜੀਤ ਸਿੰਘ ਲਾਡੀ ਸਮੇਤ ਇਲਾਕੇ ਦੇ ਹੋਰ ਬਹੁਤ ਸਾਰੇ ਪ੍ਰਸਿੱਧ ਜਥੇ ਹਾਜ਼ਰ ਸਨ | ਸਮਾਗਮ ਵਿਚ ਕਵੀਸ਼ਰਾਂ ਨੇ ਗਿਆਨੀ ਗੁਰਨਾਮ ਸਿੰਘ ਬਰਾੜ ਦੀ ਕਲਾ, ਜੀਵਨ ਸੰਘਰਸ਼ ਅਤੇ ਕਵੀਸ਼ਰੀ ਲਈ ਕੀਤੇ ਯੋਗਦਾਨਾਂ ਨੂੰ ਯਾਦ ਕਰਦੇ ਹੋਏ ਆਪਣੀ ਕਵਿਤਾ ਅਤੇ ਰੂਹਾਨੀ ਰਚਨਾਵਾਂ ਰਾਹੀਂ ਸ਼ਰਧਾਂਜਲੀਆਂ ਭੇਟ ਕੀਤੀਆਂ | ਭਾਈ ਵੀਰਭਾਨ ਸਿੰਘ ਮੌੜ ਮਾਲਵਾ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਕਵੀਸ਼ਰੀ ਕਲਾ ਗੁਰੂਆਂ ਦੀ ਮਹਾਨ ਬਖ਼ਸ਼ਿਸ਼ ਹੈ, ਜਿਸ ਰਾਹੀਂ ਸਮਾਜ ਦੇ ਵਿਚਰ-ਚਿੰਤਨ, ਰੂਹਾਨੀਅਤ ਅਤੇ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ | ਸਮਾਗਮ ਦੇ ਅੰਤ 'ਤੇ ਸਭਾ ਵਲੋਂ ਭਾਈ ਵੀਰਭਾਨ ਸਿੰਘ ਮੌੜ ਮਾਲਵਾ ਨੂੰ ਸਨਮਾਨ ਚਿੰਨ੍ਹ, ਸ਼ਾਲ ਅਤੇ ਸਨਮਾਨ ਪੱਤਰ ਦੇ ਕੇ ਨਿਵਾਜਿਆ ਗਿਆ |