ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਰਾਸ਼ਟਰੀ ਰਾਜ ਮਾਰਗ ਨੂੰ ਲੈ ਕੇ ਅਕਸਰ ਹੀ ਕੋਈ ਨਾ ਕੋਈ ਘਪਲਾ ਜਾਂ ਘੋਟਾਲਾ ਚਰਚਾ ਵਿਚ ਰਹਿੰਦਾ ਹੈ | ਇਸੇ ਤਰ੍ਹਾਂ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਬਹਾਦਰ ਵਾਲਾ 'ਚ ਰਾਸ਼ਟਰੀ ਰਾਜ ਮਾਰਗ 703 ਪ੍ਰਾਜੈਕਟ ਲਈ ਕਰੋੜਾਂ ਰੁਪਏ ਦੇ ਹੋਏ ਘਪਲੇ ਦਾ ਮਾਮਲਾ ਵੀ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਜਿਸ ਦੌਰਾਨ ਉਸ ਸਮੇਂ ਮੌਜੂਦਾ ਐਸ. ਡੀ. ਐਮ. ਧਰਮਕੋਟ ਤੇ ਹੁਣ ਏ.ਡੀ.ਸੀ. ਮੋਗਾ ਮੈਡਮ ਚਾਰੂਮਿਤਾ 'ਤੇ ਵੀ ਘਪਲੇ ਵਿਚ ਸ਼ਾਮਿਲ ਹੋਣ ਦੇ ਦੋਸ਼ ਲੱਗ ਰਹੇ ਸਨ | ਅੱਜ ਉਨ੍ਹਾਂ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਆਪਣੇ ਉੱਪਰ ਲਗਾਏ ਘਪਲੇ ਸੰਬੰਧੀ ਸਾਰੇ ਦੋਸ਼ਾਂ ਨੂੰ ਅਸਲੋਂ ਨਕਾਰ ਦਿੱਤਾ ਤੇ ਕਿਹਾ ਕਿ ਉਸ ਦੇ ਅਕਸ ਨੂੰ ਖ਼ਰਾਬ ਕਰਨ ਦਾ ਯਤਨ ਕੀਤਾ ਗਿਆ ਹੈ | ਦੱਸ ਦੇਈਏ ਕਿ ਇਸ ਘਪਲੇ ਸਬੰਧੀ ਬੀਤੇ ਦਿਨੀਂ ਇਕ ਅਖ਼ਬਾਰ ਵਿਚ ਵੀ ਖ਼ਬਰ ਵੀ ਲੱਗੀ ਸੀ ਜਿਸ ਵਿਚ ਲਿਖਿਆ ਗਿਆ ਕਿ 1963 ਵਿਚ ਪਹਿਲਾਂ ਅਕਵਾਇਰ ਕੀਤੀ ਜ਼ਮੀਨ ਨੂੰ ਦੁਬਾਰਾ ਅਕਵਾਇਰ ਕੀਤਾ ਗਿਆ ਤੇ ਇਸ ਵਿਚ ਮੋਗਾ ਦੀ ਏ.ਡੀ.ਸੀ. ਚਾਰੂਮਿਤਾ ਦੀ ਸ਼ਮੂਲੀਅਤ ਨੂੰ ਦਰਸਾਇਆ ਗਿਆ | ਪ੍ਰੈੱਸ ਕਾਨਫ਼ਰੰਸ ਦੌਰਾਨ ਮੈਡਮ ਚਾਰੂਮਿਤਾ ਨੇ ਕਿਹਾ ਕਿ ਜਿਸ ਦਿਨ ਇਹ ਖ਼ਬਰ ਲਗਾਈ ਗਈ ਉਸੇ ਦਿਨ ਕੇਸ ਨਾਲ ਸੰਬੰਧਿਤ ਹਾਈਕੋਰਟ ਵਿਚ ਤਰੀਕ ਸੀ | ਉਨ੍ਹਾਂ ਕਿਹਾ ਕਿ ਸਾਲ 2013 ਵਿਚ ਇਸ ਸਬੰਧੀ ਸੀ.ਐਲ.ਯੂ. ਹੋਈ ਹੈ ਜਦੋਂ ਕਿ ਉਨ੍ਹਾਂ ਦੀ ਨੌਕਰੀ ਦੀ ਜੁਆਈਨਿੰਗ 2014 ਵਿਚ ਹੋਈ | ਇਸ ਤੋਂ ਇਲਾਵਾ ਉਨ੍ਹਾਂ ਅਵਾਰਡ ਬਾਰੇ ਜ਼ਿਕਰ ਕੀਤਾ ਕਿ ਐਸ.ਡੀ.ਐਮ. ਵਲੋਂ ਅਪਰੂਵਲ ਦਿੱਤੀ ਗਈ ਹੈ ਜਦ ਕਿ ਉਨ੍ਹਾਂ ਵਲੋਂ ਕੋਈ ਵੀ ਅਪਰੂਵਲ ਨਹੀਂ ਦਿੱਤੀ ਗਈ | ਉਨ੍ਹਾਂ ਦੱਸਿਆ ਐਸ.ਡੀ.ਐਮ. ਦਾ ਕੰਮ ਅਵਾਰਡ ਤਿਆਰ ਕਰਨਾ ਤੇ ਕਲਕੂਲੇਸ਼ਨ ਕਰ ਕੇ ਭੇਜਣੀ ਹੁੰਦੀ ਹੈ ਤੇ ਉਸ 'ਤੇ ਜੋ ਦੋਸ਼ ਲਗਾ ਰਹੇ ਹਨ ਉਹ ਬਿਲਕੁਲ ਬੇਬੁਨਿਆਦ ਹਨ |