ਬਾਘਾ ਪੁਰਾਣਾ, 25 ਸਤੰਬਰ (ਟਿੰਕੂ ਕਾਠਪਾਲ)-ਨਗਰ ਕੌਂਸਲ ਬਾਘਾ ਪੁਰਾਣਾ ਅਧੀਨ ਪੈਂਦੇ ਵਾਰਡ ਨੰਬਰ 14 ਦੇ ਲੋਕ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ, ਸਮੱਸਿਆਵਾਂ ਨਾਲ ਦੋ ਹੱਥ ਕਰ ਰਹੇ ਹਨ, ਕਿਉਂਕਿ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗਲੀ ਵਿਚ ਗੰਦਾ ਪਾਣੀ ਆ ਜਾਂਦਾ ਹੈ, ਜਿਸ ਵਾਰਡ ਦੇ ਲੋਕਾਂ ਨੂੰ ਅਨੇਕਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਾਰਡ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਗੰਦੇ ਪਾਣੀ ਦੀ ਨਿਕਾਸੀ ਨਾਂ ਹੋਣ ਕਾਰਨ ਉਨ੍ਹਾਂ ਨੂੰ ਖ਼ੁਦ ਹੀ ਗੰਦੇ ਪਾਣੀ ਦੀ ਨਿਕਾਸੀ ਕਰਨ ਦੇ ਲਈ ਦੋ ਹੱਥ ਕਰਨੇ ਪੈਂਦੇ ਹਨ, ਕੋਈ ਵੀ ਨਗਰ ਕੌਂਸਲ ਬਾਘਾ ਪੁਰਾਣਾ ਦਾ ਅਧਿਕਾਰੀ ਸਮੇਤ ਕੌਂਸਲਰ ਉਨ੍ਹਾਂ ਦੀ ਸਾਰ ਨਹੀਂ ਲੈ ਰਿਹਾ | ਉਨ੍ਹਾਂ ਆਖਿਆ ਬਦਲਾਅ ਦੇ ਚੱਕਰ ਵਿਚ ਤਾਂ ਅਸੀਂ ਠੱਗੇ ਗਏ, ਉਨ੍ਹਾਂ ਦੀ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਉਨ੍ਹਾਂ ਦੀ ਸਾਰ ਨਹੀਂ ਲੈ ਰਿਹਾ, ਨਾਲੀਆਂ ਦਾ ਪਾਣੀ ਗਲੀ ਵਿਚ ਆ ਜਾਣ ਕਾਰਨ ਉਨ੍ਹਾਂ ਉੱਥੇ ਗੰਦੀ ਬਦਬੂ ਮਾਰਦੀ ਹੈ ਅਤੇ ਵਾਰਡ ਵਾਸੀਆਂ ਦੇ ਪੈਰ ਵੀ ਖ਼ਰਾਬ ਹੋ ਰਹੇ ਹਨ | ਵਾਰਡ ਦੇ ਲੋਕਾਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਇਸ ਮੌਕੇ ਵਾਰਡ ਵਾਸੀਆਂ ਨੇ ਵਾਰਡ ਕੌਂਸਲਰ 'ਤੇ ਉਨ੍ਹਾਂ ਦੀ ਸਾਰ ਨਾ ਲੈਣ ਦੇ ਦੋਸ਼ ਵੀ ਲਗਾਏ | ਕਿਹਾ ਕਿ ਪਿਛਲੇ ਸਮੇਂ ਦੌਰਾਨ ਹੋਈਆਂ ਨਗਰ ਕੌਂਸਲ ਚੋਣਾਂ ਵਿਚ ਬਿਨਾਂ ਚੋਣਾਂ ਤੋਂ ਇਕ ਤਰਫਾ ਜੇਤੂ ਹੋਏ ਆਮ ਆਦਮੀ ਪਾਰਟੀ ਕੌਂਸਲਰ ਵਲੋਂ ਸਾਰ ਨਹੀਂ ਲਈ ਜਾਂਦੀ | ਇਸ ਮੌਕੇ ਵਾਰਡ ਵਾਸੀਆਂ ਨੇ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਅਤੇ ਨਗਰ ਕੌਂਸਲ ਪ੍ਰਧਾਨ ਸੋਨੀਆ ਗੁਪਤਾ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਪੇਸ਼ ਆ ਰਹੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ | ਇਸ ਮੌਕੇ ਸੁਰਜੀਤ ਸਿੰਘ ਸੀਪਾ ਰਾਣਾ ਸਿੰਘ ਬੱਲਾ ਸਿੰਘ, ਮੰਦਰ ਸਿੰਘ, ਕੇਵਲ ਸਿੰਘ, ਬੱਬੀ ਸਿੰਘ, ਸੁਰਿੰਦਰ ਸਿੰਘ, ਸਿੰਗਲਾ ਚਾਹ ਵਾਲਾ, ਜਰਨੈਲ ਸਿੰਘ ਜੱਸਾ ,ਦਲੀਪ ਸਿੰਘ ਅਵਤਾਰ ਸਿੰਘ, ਵੀਰੀ ਸਿੰਘ ਨਿਰਮਲ ਸਿੰਘ ਅਤੇ ਹੋਰ ਹਾਜ਼ਰ ਸਨ |