ਕੋਟ ਈਸੇ ਖਾਂ, 25 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ, ਬਾਬਾ ਸੁੰਦਰ ਦਾਸ ਰੋਡ, ਨੇੜੇ ਬਾਉਲੀ ਮੰਦਰ, ਕੋਟ ਈਸੇ ਖਾਂ ਵਿਖੇ ਵਿੱਦਿਅਕ ਮਿਆਰ ਅਤੇ ਸਕੂਲ ਦੇ ਪ੍ਰਬੰਧਾਂ ਦਾ ਨਿਰੀਖਣ ਕਰਨ ਲਈ ਵਿਸ਼ੇਸ਼ ਕਮੇਟੀ ਵਲੋਂ ਦੌਰਾ ਕੀਤਾ ਗਿਆ, ਜਿਸ ਵਿਚ ਸੂਬਾ ਕਾਰਜਕਾਰਨੀ ਮੈਂਬਰ ਸ੍ਰੀਮਤੀ ਮੰਜੂ ਅਰੋੜਾ ਅਤੇ ਮੁਲਾਂਕਣ ਪ੍ਰਾਂਤ ਮੁਖੀ ਸ੍ਰੀਮਤੀ ਨੀਲਮ ਸ਼ਰਮਾ ਸ਼ਾਮਲ ਸਨ, ਜਿਨ੍ਹਾਂ ਦਾ ਸਵਾਗਤ ਸਕੂਲ ਮੁਖੀ ਮੈਡਮ ਜੋਤੀ ਸ਼ਰਮਾ ਨੇ ਕੀਤਾ | ਕਮੇਟੀ ਮੈਂਬਰਾਂ ਨੇ ਬੱਚਿਆਂ ਨਾਲ ਪੜ੍ਹਾਈ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤੇ ਮਾਪਿਆਂ ਨਾਲ ਮੁਲਾਕਾਤ ਕਰਕੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੁਝਾਅ ਮੰਗੇ |ਅੰਤ ਵਿੱਚ ਪ੍ਰਬੰਧਕ ਕਮੇਟੀ ਮੈਂਬਰਾਂ ਨਾਲ ਬੈਠਕ ਹੋਈ, ਜਿਸ ਵਿਚ ਪ੍ਰਬੰਧਕ ਜਗਦੀਸ਼ ਚੰਦਰ, ਵਿਵੇਕ ਕੁਮਾਰ, ਗੋਪਾਲ ਗਰਗ, ਸਤਵੰਤ ਸਿੰਘ ਸਿੱਧੂ, ਹਾਜ਼ਰ ਸਨ | ਵਿਭਾਗ ਸਚਿਵ ਸਤਪਾਲ ਦੇਵ ਨਰੂਲਾ ਨੇ ਵਿਸਥਾਰ ਨਾਲ ਆਏ ਪ੍ਰਾਂਤਕ ਨਿਰੀਖਣ ਮੰਡਲ ਨੂੰ ਸਕੂਲ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਸਕੂਲ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਹਿਯੋਗ ਦੀ ਮੰਗ ਕੀਤੀ | ਸਕੂਲ ਨਿਰੀਖਣ ਮੰਡਲ ਨੇ ਕਿਹਾ ਕਿ ਸਕੂਲ ਦੀ ਮੌਜੂਦਾ ਸਥਿਤੀ ਬਾਰੇ ਪ੍ਰਾਂਤਕ ਕਮੇਟੀ ਵਲੋਂ ਹਰ ਸਹਾਇਤਾ ਦਿੱਤੀ ਜਾਵੇਗੀ |