ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬੀ ਬੋਲੀ ਨੂੰ ਇਹ ਹੱਕ ਦੇਣ ਲਈ ਆਪਣਾ ਪੰਜਾਬ ਫਾਊਾਡੇਸ਼ਨ ਦੇ ਸੰਸਥਾਪਕ ਤੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਵਲੋਂ ਬਾਬਾ ਫ਼ਰੀਦ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਹਰ ਸਾਲ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਉਣ ਦਾ ਸੁਝਾਅ ਦਿੱਤਾ ਗਿਆ ਹੈ | ਬਾਬਾ ਫ਼ਰੀਦ ਜੀ ਪੰਜਾਬੀ ਦੇ ਪਹਿਲੇ ਸਿਰਮੌਰ ਕਵੀਆਂ 'ਚੋਂ ਹਨ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ 'ਚ ਸਥਾਨ ਦੇ ਕੇ ਸਤਿਕਾਰਿਆ ਗਿਆ ਹੈ | ਇਸ ਸੁਝਾਅ ਨੂੰ ਮੰਨਦੇ ਹੋਏ ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ ਵਿਚ ਅੱਜ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਇਆ ਗਿਆ ਜਿਸ ਵਿਚ ਮੈਡਮ ਕਰਮਜੀਤ ਕੌਰ ਨੇ ਕਵਿਤਾ ਮਾਂ ਬੋਲੀ, ਮੈਡਮ ਮਨਪ੍ਰੀਤ ਕੌਰ ਵਲੋਂ ਗੀਤ ਅਤੇ ਮੈਡਮ ਕਿਰਨਦੀਪ ਕੌਰ, ਮੈਡਮ ਰਮਨਜੋਤ ਕੌਰ ਵਲੋਂ ਕਵਿਤਾ ਪੇਸ਼ ਕੀਤੀ ਗਈ | ਮਨਪ੍ਰੀਤ ਕੌਰ ਨੇ ਪੰਜਾਬੀ ਭਾਸ਼ਾ ਨੂੰ ਸਹੀ ਢੰਗ ਨਾਲ ਸਹੀ ਉਚਾਰਨ ਤੇ ਵਿਆਕਰਨ ਸਬੰਧਿਤ ਜਾਣਕਾਰੀ ਦਿੱਤੀ | ਪਿ੍ੰਸੀਪਲ ਮਨੀਸ਼ਾ ਗੋਇਲ ਨੇ ਬੱਚਿਆਂ ਵਿਚ ਪੰਜਾਬੀ ਦੇ ਰੁਝਾਨ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਆਪਣੇ ਸੁਝਾਅ ਪੇਸ਼ ਕੀਤੇ ਅਤੇ ਪੰਜਾਬੀ ਵਿਸ਼ਵ ਦਿਵਸ 'ਤੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ |