ਮੋਗਾ, 21 ਅਕਤੂਬਰ (ਸੁਰਿੰਦਰਪਾਲ ਸਿੰਘ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਅਧਿਆਪਕਾਂ ਦੀ ਟਰੇਨਿੰਗ ਲਈ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਰਹੇ ਹਨ | ਇਸੇ ਹੀ ਸਿਲਸਿਲੇ ਵਿਚ ਬੀਤੇ ਦਿਨੀਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਸਾਇੰਸ ਅਧਿਆਪਕਾਂ ਦੇ ਲਈ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ, ਖ਼ੁਦਾਪੁਰਾ, ਬੈਂਗਲੁਰੂ, ਕਰਨਾਟਕਾ ਵਿਖੇ ਇਕ ਕਪੈਸਿਟੀ ਬਿਲਡਿੰਗ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਪੰਜ ਸਾਇੰਸ ਅਧਿਆਪਕਾਂ, ਪੰਜਾਬ ਵਿਚੋਂ ਕੁੱਲ ਲਗ-ਪਗ 120 ਅਧਿਆਪਕਾਂ ਨੂੰ ਟਰੇਨਿੰਗ ਪ੍ਰਾਪਤ ਕਰਨ ਲਈ ਚੁਣਿਆ ਗਿਆ | ਇਸ ਵਿਚ ਜ਼ਿਲ੍ਹਾ ਮੋਗਾ ਦੇ ਪੰਜ ਪ੍ਰਤਿਭਾਸ਼ਾਲੀ ਸਾਇੰਸ ਅਧਿਆਪਕ ਇੰਦਰਜੀਤ ਸਿੰਘ ਸਰਕਾਰੀ ਹਾਈ ਸਕੂਲ ਅੰਮੀਵਾਲਾ, ਰਾਹੁਲ ਗੋਇਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਢੇਕੇ, ਕਿਰਨਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਛੀਕੇ, ਸੁਨੀਤਾ ਰਾਣੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਪੂਰਬੀ ਅਤੇ ਅਮਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੀਣਾ ਸ਼ਾਮਿਲ ਹੋਏ | ਇਹ ਦਸ ਰੋਜ਼ਾ ਟਰੇਨਿੰਗ ਪ੍ਰੋਗਰਾਮ 5 ਅਕਤੂਬਰ ਤੋਂ 14 ਅਕਤੂਬਰ ਤੱਕ ਚੱਲਿਆ ਅਤੇ ਮਿਤੀ 14 ਅਕਤੂਬਰ ਨੂੰ ਇੰਸਟੀਚਿਊਟ ਵਲੋਂ ਅਧਿਆਪਕਾਂ ਨੂੰ ਸਫਲਤਾ ਪੂਰਵਕ ਟਰੇਨਿੰਗ ਪ੍ਰਾਪਤ ਕਰਨ 'ਤੇ ਪ੍ਰਸੰਸਾ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ ਅਤੇ ਇਨ੍ਹਾਂ ਵਿਚੋਂ 10 ਅਧਿਆਪਕਾਂ ਨੂੰ ਬੈਸਟ ਪਰਫਾਰਮਰ ਦਾ ਖ਼ਿਤਾਬ ਵੀ ਦਿੱਤਾ ਗਿਆ | ਮੋਗਾ ਜ਼ਿਲ੍ਹੇ ਦੇ ਅਧਿਆਪਕ ਇੰਦਰਜੀਤ ਸਿੰਘ ਸਰਕਾਰੀ ਹਾਈ ਸਕੂਲ ਅੰਮੀਵਾਲਾ ਨੇ ਬੈਸਟ ਪਰਫਾਰਮਰ ਦਾ ਖ਼ਿਤਾਬ ਵੀ ਹਾਸਲ ਕੀਤਾ | ਇਸ ਟਰੇਨਿੰਗ ਪ੍ਰੋਗਰਾਮ ਅਧੀਨ ਟੇਲੈਂਟ ਡਿਵੈਲਪਮੈਂਟ ਸੈਂਟਰ, ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਖ਼ੁਦਾਪੁਰਾ, ਕਰਨਾਟਕਾ ਦੇ ਬਹੁਤ ਹੀ ਕਾਬਲ ਫੈਕਲਟੀ ਮੈਂਬਰਾਨ ਵਲੋਂ ਅਧਿਆਪਕਾਂ ਨੂੰ ਟਰੇਨਿੰਗ ਦਿੱਤੀ ਗਈ | ਇਸ ਟਰੇਨਿੰਗ ਪ੍ਰੋਗਰਾਮ ਤਹਿਤ ਅਧਿਆਪਕਾਂ ਨੂੰ ਸਾਇੰਸ ਵਿਸ਼ੇ ਵਿਚ ਹੋਈਆਂ ਨਵੀਆਂ ਖੋਜਾਂ ਅਤੇ ਤਕਨੀਕਾਂ ਸਬੰਧੀ ਵਾਕਫ਼ ਕਰਵਾਇਆ ਗਿਆ | ਵਿਸ਼ੇ ਨਾਲ ਸਬੰਧਿਤ ਆਪਣੇ ਗਿਆਨ ਨੂੰ ਅੱਪਡੇਟ ਕਰਨ ਅਤੇ ਅਧਿਆਪਕ ਸਾਹਿਬਾਨ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਇਹ ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ |