ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਦੀ ਵੱਡੀ ਜਿੱਤ ਲਈ ਲੋਕ ਮਨ ਬਣਾ ਚੁੱਕੇ-ਇਯਾਲੀ, ਬਰਾੜ
ਅਜੀਤ ਡੈਸਕ
01-11-2025
ਕੋਟ ਈਸੇ ਖਾਂ, 31 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਤਰਨ ਤਾਰਨ ਤੋਂ ਵਿਧਾਨ ਸਭਾ ਲਈ ਉਪ ਚੋਣ ਸਿਰਫ਼ ਇਕ ਚੋਣ ਨਹੀਂ ਸਗੋਂ ਪੰਥ ਤੇ ਪੰਜਾਬ ਦੀ ਅਗਲੇਰੀ ਸੋਚ ਲਈ ਵੀ ਬੇਹੱਦ ਮਹੱਤਵਪੂਰਨ ਹੈ ਤੇ ਇਸ ਚੋਣ ਵਿਚ ਤਰਨ ਤਰਨ ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਇਹ ਮਨ ਬਣਾ ਲਿਆ ਹੈ ਕਿ ਸਾਂਝੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਨੂੰ ਲੋਕ ਬਹੁਤ ਵੱਡੇ ਫ਼ਰਕ ਨਾਲ ਜਿਤਾ ਕੇ ਵਿਰੋਧੀ ਧਿਰਾਂ ਨੂੰ ਕਰਾਰਾ ਜਵਾਬ ਦੇਣਗੇ ਤੇ ਇਸੇ ਦਾ ਨਤੀਜਾ ਹੈ ਕਿ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਭਾਈ ਮਨਦੀਪ ਸਿੰਘ ਦੇ ਹੱਕ ਵਿਚ ਲੋਕਾਂ ਦਾ ਸਮਰਥਨ ਇਕ ਵੱਡੀ ਲਹਿਰ ਦੇ ਰੂਪ ਵਿਚ ਨਜ਼ਰ ਆ ਰਿਹਾ ਹੈ |
ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲ਼ੀ ਅਤੇ ਜਨਰਲ ਸਕੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੇਅਰਮੈਨ ਸਿਹਤ ਵਿਭਾਗ ਪੰਜਾਬ ਵਲੋਂ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਦੇ ਹੱਕ ਵਿਚ ਲਗਾਤਾਰ ਉੱਥੇ ਕੀਤੇ ਜਾ ਰਹੇ ਚੋਣ ਪ੍ਰਚਾਰ ਉਪਰੰਤ ਵਿਸ਼ੇਸ਼ ਪੈੱ੍ਰਸ ਬਿਆਨ ਰਾਹੀਂ ਕੀਤਾ | ਆਗੂਆਂ ਕਿਹਾ ਕਿ ਭਾਈ ਮਨਦੀਪ ਸਿੰਘ ਖ਼ਿਲਾਫ਼ ਭਾਵੇਂ ਕਿ ਆਮ ਆਦਮੀ ਪਾਰਟੀ ਵਲੋਂ ਵੀ ਆਪਣੀ ਸਰਕਾਰ ਦਾ ਫ਼ਾਇਦਾ ਚੁੱਕਦੇ ਹੋਏ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾ ਰਹੇ ਹਨ, ਪਰ ਮਾਝੇ ਦੀ ਧਰਤੀ ਦੇ ਹਿੰਮਤੀ ਤੇ ਵੱਕਾਰੀ ਸੋਚ ਦੇ ਲੋਕ ਆਪਣਾ ਮਨ ਕਦੇ ਨਹੀਂ ਬਦਲਣਗੇ ਤੇ ਸ੍ਰੀ ਤਰਨਤਾਰਨ ਸਾਹਿਬ ਜ਼ਿਮਨੀ ਚੋਣ ਵਿਚ 11 ਨਵੰਬਰ ਨੂੰ ਲੋਕ ਬਾਲਟੀ ਦਾ ਬਟਨ ਦਬਾ ਕੇ ਭਾਈ ਮਨਦੀਪ ਸਿੰਘ ਨੂੰ ਵੱਡੀ ਲੀਡ ਨਾਲ ਜਿਤਾਉਣਗੇ |