ਮੋਗਾ, 1 ਨਵੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਬੀਤੇ ਕੱਲ੍ਹ ਪੰਜਾਬ ਦੇ ਲੋਕਾਂ ਦੀ ਦਫ਼ਤਰਾਂ ਵਿਚੋਂ ਖ਼ੱਜਲ-ਖ਼ੁਆਰੀ ਬੰਦ ਕਰਨ ਅਤੇ ਕੀਮਤੀ ਸਮਾਂ ਬਚਾਉਣ ਲਈ ਆਰ.ਟੀ.ਓ. ਦਫ਼ਤਰ ਦੀਆਂ ਸੇਵਾਵਾਂ ਆਨਲਾਈਨ ਕਰ ਕੇ ਬਹੁਤ ਵੱਡਾ ਕੰਮ ਕੀਤਾ ਹੈ ਜਿਸ ਨਾਲ ਜਿੱਥੇ ਰਿਸ਼ਵਤਖ਼ੋਰੀ ਨੂੰ ਠੱਲ੍ਹ ਪਵੇਗੀ ਉੱਥੇ ਹੀ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਕੱਢਣ ਤੋਂ ਨਿਜਾਤ ਮਿਲੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ 'ਅਜੀਤ' ਨਾਲ ਗੱਲਬਾਤ ਸਮੇਂ ਕੀਤਾ | ਵਿਧਾਇਕ ਬਿਲਾਸਪੁਰ ਨੇ ਦੱਸਿਆ ਕਿ ਮਾਨ ਸਰਕਾਰ ਦੇ ਇਸ ਫ਼ੈਸਲੇ ਨਾਲ ਰੋਜ਼ਾਨਾ ਆਰ.ਟੀ.ਓ. ਦਫ਼ਤਰਾਂ ਵਿਚ ਹੋਣ ਵਾਲੀ ਭੀੜ ਵੀ ਘਟੇਗੀ ਅਤੇ ਲੋਕਾਂ ਨੂੰ ਘਰਾਂ ਦੇ ਨੇੜੇ ਪਾਰਦਰਸ਼ੀ ਢੰਗ ਨਾਲ ਸਾਰੀਆਂ ਸਹੂਲਤਾਂ ਮਿਲਣਗੀਆਂ | ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਲਗਾਤਾਰ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਆਸਾਨ ਅਤੇ ਪਾਰਦਰਸ਼ੀ ਬਣਾਉਣ ਲਈ ਠੋਸ ਕਦਮ ਚੁੱਕ ਰਹੀ ਹੈ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ ਤੇ ਹੁਣ ਲੋਕਾਂ ਨੂੰ ਲਰਨਿੰਗ ਲਾਇਸੈਂਸ, ਪੱਕਾ ਲਾਇਸੈਂਸ, ਵਾਹਨਾਂ ਦੀ ਰਜਿਸਟ੍ਰੇਸ਼ਨ ਨਾਲ ਜੁੜੀਆਂ ਤਬਦੀਲੀਆਂ ਕਰਨ, ਡੁਪਲੀਕੇਟ ਆਰ.ਸੀ. ਜਾਂ ਟਰਾਂਸਫ਼ਰ ਆਫ਼ ਓਨਰਸ਼ਿਪ ਵਰਗੀਆਂ ਸੇਵਾਵਾਂ ਲਈ ਆਰ.ਟੀ.ਓ. ਦਫ਼ਤਰਾਂ ਦੇ ਚੱਕਰ ਨਹੀਂ ਕੱਢਣੇ ਪੈਣਗੇ | ਲੋਕ ਆਪਣੇ ਨੇੜਲੇ ਸੇਵਾ ਕੇਂਦਰ ਵਿਚ ਜਾ ਕੇ ਇਹ ਸੇਵਾਵਾਂ ਲੈ ਸਕਣਗੇ | ਵਿਧਾਇਕ ਬਿਲਾਸਪੁਰ ਨੇ ਦੱਸਿਆ ਕਿ ਇਹ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਾਰੇ ਕਰਮਚਾਰੀਆਂ ਨੂੰ ਸਬੰਧਿਤ ਕੰਮਾਂ ਦੀ ਵਿਸ਼ੇਸ਼ ਟਰੇਨਿੰਗ ਦਿੱਤੀ ਗਈ ਹੈ | ਲੋੜਵੰਦ ਲੋਕ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਹੈਲਪ ਲਾਈਨ ਨੰਬਰ 1076 'ਤੇ ਕਾਲ ਕਰ ਕੇ ਇਨ੍ਹਾਂ ਸੇਵਾਵਾਂ ਬਾਰੇ ਜਾਣਕਾਰੀ ਲੈ ਸਕਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਪੰਜਾਬ ਨੂੰ ਡਿਜੀਟਲ ਤੇ ਪਾਰਦਰਸ਼ੀ ਪ੍ਰਸ਼ਾਸਨ ਵਾਲਾ ਰਾਜ ਬਣਾਉਣਾ ਹੈ ਤਾਂ ਕਿ ਪੰਜਾਬ ਦੇ ਬਾਸ਼ਿੰਦਿਆਂ ਨੂੰ ਆਪਣੇ ਰੋਜ਼ਮਰ੍ਹਾ ਦੇ ਕੰਮ ਕਰਾਉਣ ਵਿਚ ਆਸਾਨੀ ਹੋ ਸਕੇ |