ਮੋਗਾ, 1 ਨਵੰਬਰ (ਸੁਰਿੰਦਰਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਾਲਾ ਦੇ ਪਿ੍ੰਸੀਪਲ ਰਾਜਿੰਦਰ ਸਿੰਘ ਦੀ ਅਗਵਾਈ ਅਤੇ ਲੈਕਚਰਾਰ ਹਿਸਟਰੀ ਸੁਖਜੀਤ ਸਿੰਘ ਸਿੱਧੂ ਦੇ ਯਤਨਾਂ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਦਰਸ਼ਨਾਂ ਲਈ ਧਾਰਮਿਕ ਟੂਰ ਲਿਜਾਇਆ ਗਿਆ | ਲੈਕਚਰਾਰ ਹਿਸਟਰੀ ਸੁਖਜੀਤ ਸਿੰਘ ਸਿੱਧੂ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਅਜਿਹੇ ਧਾਰਮਿਕ ਵਿੱਦਿਅਕ ਟੂਰ ਸਾਡੇ ਬੱਚਿਆਂ ਨੂੰ ਗੁਰੂ ਸਾਹਿਬਾਨ ਵਲੋਂ ਦਿੱਤੇ ਗਏ ਉਪਦੇਸ਼ਾਂ ਨਾਲ ਜੋੜਨ ਲਈ ਬਹੁਤ ਜ਼ਰੂਰੀ ਹਨ, ਜਿਸ ਨਾਲ ਵਿਦਿਆਰਥੀ ਪੁਰਾਤਨ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਨ ਉਪਰੰਤ ਸਾਡੇ ਗੁਰੂ ਸਾਹਿਬਾਨ ਵਲੋਂ ਬਖ਼ਸ਼ਿਸ਼ ਗੁਰਬਾਣੀ ਅਨੁਸਾਰ ਵਧੀਆ ਇਨਸਾਨ ਕਾਰਗਰ ਹੋ ਸਕਣ | ਲੈਕ. ਸੁਖਜੀਤ ਸਿੰਘ ਸਿੱਧੂ ਅਤੇ ਪੀ.ਟੀ.ਆਈ. ਗੁਰਮੇਲ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ, ਭੋਰਾ ਸ਼ਹੀਦ ਬਾਬਾ ਦੀਪ ਸਿੰਘ ਜੀ, ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਤੋਂ ਇਲਾਵਾ ਬਾਬਾ ਡੱਲ ਸਿੰਘ ਨਿਵਾਸ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੁਸ਼ੋਭਿਤ ਸ਼ਸਤਰ ਅਤੇ ਬਸਤਰਾਂ ਦੇ ਦਰਸ਼ਨ ਕੀਤੇ | ਸਕੂਲ ਵਿਚੋਂ ਧਾਰਮਿਕ ਟੂਰ ਨੂੰ ਰਵਾਨਾ ਕਰਨ ਸਮੇਂ ਪਿ੍ੰਸੀਪਲ ਰਾਜਿੰਦਰ ਸਿੰਘ, ਲੈਕ. ਮਨਦੀਪ ਕੌਰ, ਲੈਕ. ਸਰਬਜੀਤ ਕੌਰ, ਸਰਬਜੀਤ ਸਿੰਘ, ਜਸਵੀਰ ਸਿੰਘ, ਗੁਰਪਿਆਰ ਸਿੰਘ, ਰਮਨਦੀਪ ਕੌਰ, ਰਵਿੰਦਰ ਕੌਰ, ਰਿੰਕਲ ਗੁਪਤਾ, ਸ਼ਿਵਾਨੀ, ਕੁਲਵਿੰਦਰ ਕੌਰ, ਅਮਨਦੀਪ ਕੌਰ ਅਤੇ ਬਲਵੰਤ ਸਿੰਘ ਆਦਿ ਸਮੂਹ ਸਟਾਫ਼ ਹਾਜ਼ਰ ਸਨ |