ਸਮਾਲਸਰ, 2 ਨਵੰਬਰ (ਗੁਰਜੰਟ ਕਲਸੀ ਲੰਡੇ)-ਨੈਸ਼ਨਲ ਸਾਇੰਸ ਸੈਂਟਰ ਨਵੀਂ ਦਿੱਲੀ ਵਲੋਂ ਰਾਸ਼ਟਰੀ ਵਿਗਿਆਨ ਕੇਂਦਰ ਦਿੱਲੀ 'ਚ ਦਸੰਬਰ 2025 'ਚ ਉੱਤਰ ਭਾਰਤ ਦਾ ਛੇਵੀਂ ਤੋਂ ਦਸਵੀਂ ਵਿਚ ਪੜ੍ਹਦੇ ਵਿਦਿਆਰਥੀਆਂ ਦਾ ਨੈਸ਼ਨਲ ਸਾਇੰਸ ਡਰਾਮਾ ਕਰਵਾਏ ਜਾਣ ਲਈ ਪੰਜਾਬ ਰਾਜ ਦੇ ਵਿਦਿਆਰਥੀਆਂ ਦੀ ਚੋਣ ਕਰਨ ਸਬੰਧੀ ਡਾਇਰੈਕਟਰ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਦਿੱਤੇ ਆਦੇਸ਼ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਅਸ਼ੀਸ਼ ਕੁਮਾਰ ਦੀ ਅਗਵਾਈ 'ਚ ਜ਼ਿਲ੍ਹਾ ਮੋਗਾ ਦੇ ਜ਼ਿਲ੍ਹਾ ਪੱਧਰ ਦੇ ਮੁਕਾਬਲੇ ਸ.ਸ.ਸ.ਸ. ਖੋਸਾ ਪਾਂਡੋ ਦੇ ਪਿ੍ੰਸੀਪਲ ਗੁਰਜੀਤ ਕੌਰ ਹੁੰਦਲ ਦੇ ਪ੍ਰਬੰਧਾਂ ਹੇਠ ਜ਼ਿਲ੍ਹਾ ਕੋਆਰਡੀਨੇਟਰ ਨਵਦੀਪ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਸਨ | ਇਸ ਮੁਕਾਬਲੇ 'ਚ ਬਲਾਕ ਬਾਘਾ ਪੁਰਾਣਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀ.ਟੀ.ਬੀ.ਗੜ੍ਹ (ਮੋਗਾ) ਦੀ ਟੀਮ ਨੇ ਸਾਇੰਸ ਅਧਿਆਪਕ ਕਮਲਪ੍ਰੀਤ ਕੌਰ ਸਿੱਧੂ ਦੀ ਅਗਵਾਈ ਵਿਚ ਭਾਗ ਲਿਆ | ਟੀਮ ਨੇ ਥੀਮ ਦੇ ਉਪ ਵਿਸ਼ੇ ਆਧੁਨਿਕ ਖੇਤੀ ਤਹਿਤ ਡਰਾਮੇ ਦੀ ਪੇਸ਼ਕਾਰੀ ਕੀਤੀ ਤੇ ਮੁਕਾਬਲੇ 'ਚੋਂ ਟੀਮ ਤੀਜੇ ਨੰਬਰ 'ਤੇ ਰਹੀ ਤੇ ਗਿਆਰਾਂ ਸੌ ਰੁਪਏ ਦਾ ਨਗਦ ਇਨਾਮ ਜਿੱਤਿਆ | ਵਿਦਿਆਰਥੀਆਂ ਦੀ ਇਸ ਕਾਮਯਾਬੀ 'ਤੇ ਸਕੂਲ ਮੁਖੀ ਦਿਲਬਾਗ ਸਿੰਘ ਬਰਾੜ, ਸਮੂਹ ਸਟਾਫ਼, ਚੇਅਰਮੈਨ ਲਖਵੀਰ ਸਿੰਘ, ਉਪ ਚੇਅਰਮੈਨ ਜਗਰੂਪ ਸਿੰਘ, ਸਕੂਲ ਮੈਨੇਜਮੈਂਟ ਕਮੇਟੀ, ਪ੍ਰਧਾਨ ਹਰੀ ਸਿੰਘ ਬਰਾੜ, ਸਕੱਤਰ ਅਮਰਜੀਤ ਸਿੰਘ ਸ਼ਰਮਾ ਨੇ ਗਾਈਡ ਅਧਿਆਪਕ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |