ਮੋਗਾ, 2 ਨਵੰਬਰ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਮੋਗਾ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ, ਸੂਬਾ ਆਗੂ ਜਰਨੈਲ ਸਿੰਘ ਤਖਾਣਵੱਧ, ਸੂਬਾ ਆਗੂ ਮੰਦਰਜੀਤ ਸਿੰਘ ਮਨਾਵਾਂ, ਜ਼ਿਲ੍ਹਾ ਆਗੂ ਹਰਜੀਤ ਸਿੰਘ ਮਨਾਵਾਂ, ਨਿਰਮਲ ਸਿੰਘ ਮਨਾਵਾਂ, ਬਲਾਕ ਪ੍ਰਧਾਨ ਗੁਰਮੇਲ ਸਿੰਘ ਡਰੋਲੀ ਭਾਈ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਸੈਨੇਟ ਨੂੰ ਕੇਂਦਰ ਸਰਕਾਰ ਦੀ ਰਬੜ ਦੀ ਮੋਹਰ ਬਣਾਉਣ ਦੀ ਕੋਸ਼ਿਸ਼ ਬਰਦਾਸ਼ਤ ਨਹੀਂ | ਉਨ੍ਹਾਂ ਕਿਹਾ ਕਿ ਕੇਂਦਰ ਨੇ 59 ਸਾਲ ਪੁਰਾਣੀ ਸੈਨੇਟ ਤੇ ਸਿੰਡੀਕੇਟ ਦੇ ਨੋਟੀਫ਼ਿਕੇਸ਼ਨ ਜਾਰੀ ਹੋਣ ਨਾਲ ਪੰਜਾਬ ਦੇ ਹੱਥੋਂ ਪੰਜਾਬ ਯੂਨੀਵਰਸਿਟੀ ਖੁਸੀ ਹੈ | ਇਹ ਮਾਮਲਾ ਕਾਫੀ ਸਮੇਂ ਤੋਂ ਭਖ ਰਿਹਾ ਸੀ | ਪੰਜਾਬ ਦਿਵਸ ਮੌਕੇ ਪੰਜਾਬ ਸੂਬੇ ਨਾਲ ਵੱਡਾ ਧੱਕਾ ਕੀਤਾ ਹੈ, ਕੇਂਦਰ ਦੀ ਪੰਜਾਬ ਨਾਲ ਬੇਇਨਸਾਫ਼ੀ ਹੈ | ਇਹ ਫ਼ੈਸਲਾ ਸਿੱਧੇ ਤੌਰ 'ਤੇ ਪੰਜਾਬੀਆਂ ਦੇ ਹੱਕਾਂ 'ਤੇ ਹਮਲਾ ਹੈ, ਇਸ ਨਾਲ ਸੂਬੇ ਦੀ ਵਿਰਾਸਤੀ ਪਛਾਣ ਕਮਜ਼ੋਰ ਹੋਵੇਗੀ | ਯੂਨੀਵਰਸਿਟੀ ਦੇ ਵਿਦਿਆਰਥੀ ਤੇ ਸਾਬਕਾ ਵਿਦਿਆਰਥੀ ਆਪਣੇ ਵਿਚਾਰ ਪ੍ਰਗਟ ਕਰਦੇ ਸਨ | ਬਲਕਰਨ ਸਿੰਘ ਢਿੱਲੋਂ ਨੇ ਕਿਹਾ ਕਿ ਜੇ ਸਰਕਾਰ ਇਸ ਨੋਟੀਫ਼ਿਕੇਸ਼ਨ ਨੂੰ ਰੱਦ ਨਹੀਂ ਕਰਦੀ ਤਾਂ ਇਸ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸੰਘਰਸ਼ ਵਿੱਢੇਗੀ, ਅਸੀਂ ਪੰਜਾਬ ਦੇ ਹੱਕਾਂ 'ਤੇ ਡਾਕਾ ਨਹੀਂ ਪੈਣ ਦਿਆਂਗੇ |