ਮੋਗਾ, 3 ਨਵੰਬਰ (ਸੁਰਿੰਦਰਪਾਲ ਸਿੰਘ)-ਭਾਰਤੀ ਮਹਿਲਾ ਕਿ੍ਕਟ ਟੀਮ ਨੇ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਪਹਿਲੀ ਵਾਰ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਜਿੱਤਿਆ ਤੇ ਇਸ ਜਿੱਤ ਨਾਲ ਦੇਸ਼ ਭਰ ਵਿਚ ਜਸ਼ਨ ਮਨਾਏ ਗਏ ਹਨ | ਮੋਗਾ ਹਲਕੇ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਭਾਰਤੀ ਟੀਮ ਨੂੰ ਮਹਿਲਾ ਵਿਸ਼ਵ ਕੱਪ ਜਿੱਤਣ 'ਤੇ ਵਧਾਈ ਦਿੱਤੀ | ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਬੱਲੇ ਤੇ ਗੇਂਦ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਸ਼ੈਫਾਲੀ ਵਰਮਾ ਤੇ ਦੀਪਤੀ ਸ਼ਰਮਾ ਦਾ ਹਰਫ਼ਨ-ਮੌਲਾ ਪ੍ਰਦਰਸ਼ਨ ਇਸ ਜਿੱਤ ਲਈ ਬਹੁਤ ਮਹੱਤਵਪੂਰਨ ਸੀ | ਮੋਗਾ ਜ਼ਿਲ੍ਹੇ ਦੀ ਜੰਮਪਲ ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਵਿਚ ਭਾਰਤੀ ਮਹਿਲਾ ਟੀਮ ਨੇ ਫਾਈਨਲ ਵਿਚ ਦੱਖਣੀ ਅਫ਼ਰੀਕਾ ਨੂੰ 52 ਦੌੜਾਂ ਨਾਲ ਹਰਾਇਆ | ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਇਹ ਟਰਾਫ਼ੀ ਸਿਰਫ਼ ਇਕ ਖ਼ਿਤਾਬ ਨਹੀਂ ਹੈ, ਇਹ ਇਕ ਘੋਸ਼ਣਾ ਹੈ | ਇਹ ਹਰ ਉਸ ਕੁੜੀ ਲਈ ਹੈ ਜੋ ਬੱਲਾ ਜਾਂ ਕਿਤਾਬ ਫੜਦੀ ਹੈ ਅਤੇ ਹੁਣ ਇਸ ਸ਼ਾਨਦਾਰ ਜਿੱਤ ਵਿਚ ਆਪਣੀ ਅਸੀਮ ਸੰਭਾਵਨਾ ਨੂੰ ਦਰਸਾਉਂਦੀ ਹੈ | ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਇਹ ਜਿੱਤ ਹਰ ਉਸ ਭਾਰਤੀ ਦੀ ਹੈ ਜੋ ਮਾਣ ਨਾਲ ਖੜ੍ਹਾ ਹੋਇਆ, ਉੱਚੀ ਆਵਾਜ਼ ਵਿਚ ਜੈਕਾਰੇ ਲਗਾਏ, ਅਤੇ ਪੂਰੇ ਦਿਲ ਨਾਲ ਉਮੀਦ ਕੀਤੀ, ਉਨ੍ਹਾਂ ਨੌਜਵਾਨ ਕੁੜੀਆਂ ਦੀ ਜਿਨ੍ਹਾਂ ਨੇ ਸੁਪਨੇ ਦੇਖਣ ਦੀ ਹਿੰਮਤ ਕੀਤੀ | ਅੱਜ ਹਰ ਭਾਰਤੀ ਮਾਣ ਨਾਲ ਖੜ੍ਹਾ ਹੈ | ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਇਹ ਜਿੱਤ ਕੁੜੀਆਂ ਦੇ ਕਿ੍ਕਟ ਦੇ ਭਵਿੱਖ ਲਈ ਇਕ ਮੀਲ ਪੱਥਰ ਹੈ | ਸਾਡੀਆਂ ਔਰਤਾਂ ਸਿਰਫ਼ ਜਿੱਤੀਆਂ ਹੀ ਨਹੀਂ, ਉਨ੍ਹਾਂ ਨੇ ਬਿਰਤਾਂਤ ਨੂੰ ਬਦਲ ਦਿੱਤਾ |