ਬਾਘਾ ਪੁਰਾਣਾ, 3 ਨਵੰਬਰ (ਟਿੰਕੂ ਕਾਠਪਾਲ)-ਬੀਤੀ ਦੇਰ ਰਾਤ ਸਮਾਲਸਰ ਥਾਣੇ ਦੇ ਅਧਿਕਾਰ ਖੇਤਰ 'ਚ ਆਉਣ ਵਾਲੇ ਨਿਗਾਹਾ ਰੋਡ ਨੇੜੇ ਲਾਵਾਰਸ ਪਸ਼ੂ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ | ਜਾਣਕਾਰੀ ਦਿੰਦਿਆਂ ਸਮਾਲਸਰ ਦੇ ਮੁੱਖ ਅਫ਼ਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਰੋਡੇ ਦਾ ਰਹਿਣ ਵਾਲਾ ਸਤਪਾਲ ਸਿੰਘ ਤੇ ਪਿੰਡ ਰੋਡੇ ਦਾ ਰਹਿਣ ਵਾਲਾ ਭਗਵਾਨੁਦੀਨ ਹਾਲ ਉੱਤਰ ਪ੍ਰਦੇਸ਼ ਬਰੇਲੀ, ਆਪਣੇ ਮੋਟਰਸਾਈਕਲ 'ਤੇ ਕੰਮ ਤੋਂ ਵਾਪਸ ਆ ਰਹੇ ਸਨ, ਜਦੋਂ ਨਿਗਾਹਾ ਰੋਡ 'ਤੇ ਹਨੇਰੇ ਵਿਚ ਇਕ ਆਵਾਰਾ ਪਸ਼ੂ ਨਾਲ ਉਨ੍ਹਾਂ ਦੀ ਟੱਕਰ ਹੋ ਗਈ | ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਘਟਨਾ ਦੀ ਜਾਣਕਾਰੀ ਮਿਲਦੇ ਹੀ ਉਹ ਤੇ ਥਾਣੇਦਾਰ ਸੰਦੀਪ ਕੌਰ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਜਾਂਚ ਕਰਨ ਦੇ ਨਾਲ-ਨਾਲ ਆਲੇ-ਦੁਆਲੇ ਦੇ ਇਲਾਕੇ ਦਾ ਮੁਆਇਨਾ ਕੀਤਾ ਤੇ ਨਿਵਾਸੀਆਂ ਤੋਂ ਪੁੱਛ ਗਿੱਛ ਕੀਤੀ | ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਲਿਜਾਇਆ ਗਿਆ | ਜਾਂਚ ਅਧਿਕਾਰੀ ਸੰਦੀਪ ਕੌਰ ਨੇ ਦੱਸਿਆ ਕਿ ਮਿ੍ਤਕ ਸਤਪਾਲ ਦੀ ਪਤਨੀ ਅਮਰਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਫ਼ੌਜਦਾਰੀ ਪ੍ਰਕਿਰਿਆ ਜ਼ਾਬਤੇ ਦੀ ਧਾਰਾ 194 ਤਹਿਤ ਕਾਰਵਾਈ ਕਰਨ ਤੋਂ ਬਾਅਦ, ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ |