ਧਰਮਕੋਟ, 3 ਨਵੰਬਰ (ਪਰਮਜੀਤ ਸਿੰਘ)-ਕਿ੍ਸ਼ੀ ਵਿਗਿਆਨ ਕੇਂਦਰ ਮੋਗਾ ਦੀ ਸਮੁੱਚੀ ਟੀਮ ਵਲੋਂ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਰਾਟ ਸਕੂਲ ਜਲਾਲਾਬਾਦ ਪੂਰਬੀ ਵਿਚ ਜਾਗਰੂਕਤਾ ਪ੍ਰੋਗਰਾਮ ਸਿਰੇ ਚਾੜਿਆ | ਇਸ ਪ੍ਰੋਗਰਾਮ ਦਾ ਮੰਤਵ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਪਰਾਲੀ ਨਾ ਸਾੜ ਕੇ ਉਸ ਦੀ ਸਾਂਭ ਸੰਭਾਲ ਸਬੰਧੀ ਜਾਗਰੂਕ ਕਰਨਾ ਸੀ ਤਾਂ ਜੋ ਵਾਤਾਵਰਨ ਵਿਚ ਹੋ ਰਹੇ ਹਵਾ ਪ੍ਰਦੂਸ਼ਣ ਤੋਂ ਰੋਕਿਆ ਜਾ ਸਕੇ | ਸਮਾਗਮ 'ਚ ਸਕੂਲ ਦੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਪੇਂਟਿੰਗ ਮੁਕਾਬਲੇ, ਭਾਸ਼ਣ ਮੁਕਾਬਲੇ ਤੇ ਸੁੰਦਰ ਲਿਖਾਈ 'ਚ ਭਾਗ ਲਿਆ ਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ | ਸਮਾਗਮ ਦੌਰਾਨ ਕੇ ਵੀ ਕੇ ਮੋਗਾ ਦੇ ਡਿਪਟੀ ਡਾਇਰੈਕਟਰ ਡਾ. ਕਮਲਦੀਪ ਸਿੰਘ ਮਠਾੜੂ ਵਲੋਂ ਬੱਚਿਆਂ ਨੂੰ ਵਿਭਾਗ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪਰਾਲੀ ਪ੍ਰਬੰਧਨ ਲਈ ਪ੍ਰੇਰਿਆ | ਡਾ. ਪਰਮਿੰਦਰ ਕੌਰ ਵਲੋਂ ਪਰਾਲੀ ਤੋਂ ਹੋਣ ਵਾਲੇ ਪ੍ਰਦੂਸ਼ਣ ਤੋਂ ਹਾਨੀਆਂ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ | ਡਾ. ਪ੍ਰਭਜੋਤ ਕੌਰ ਸਿੱਧੂ ਵਲੋਂ ਇਸ ਪ੍ਰੋਗਰਾਮ ਨੂੰ ਉਲੀਕਿਆ ਗਿਆ ਤੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਕੂਲ ਦਾ ਧੰਨਵਾਦ ਕੀਤਾ | ਸਮਾਗਮ ਦੌਰਾਨ ਪਿੰਡ ਦੇ ਸਰਪੰਚ ਵੀਰ ਸਿੰਘ ਬਾਕੀ ਮੈਂਬਰ ਤੇ ਹੋਰ ਪਤਵੰਤੇ ਸੱਜਣ ਵੀ ਸ਼ਾਮਲ ਹੋਏ | ਸਰਪੰਚ ਸਤਬੀਰ ਸਿੰਘ ਵਲੋਂ ਕੇ.ਵੀ.ਕੇ. ਮੋਗਾ ਦੀ ਸਮੁੱਚੀ ਟੀਮ ਦਾ ਇੱਥੇ ਪਹੁੰਚਣ 'ਤੇ ਧੰਨਵਾਦ ਕੀਤਾ ਤੇ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਪਿੰਡ 'ਚ ਕਰਾਉਣ ਦਾ ਸੱਦਾ ਦਿੱਤਾ |