ਜੈਤੋ, 23 ਨਵੰਬਰ (ਗੁਰਮੀਤ ਪਾਲ ਰੋੜੀਕਪੂਰਾ)-ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨੈਤਿਕ ਸਿੱਖਿਆ ਦਾ ਪੇਪਰ ਲਿਆ ਗਿਆ, ਜਿਸ 'ਚ ਬਹੁਤ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ | ਪ੍ਰੀਖਿਆ ਦੇ ਨਤੀਜੇ ਐਲਾਨੇ ਗਏ ਤਾਂ ਯੂਨੀਵਰਸਿਟੀ ਕਾਲਜ ਜੈਤੋ ਦੇ ਦੋ ਵਿਦਿਆਰਥੀਆਂ ਨੇ ਮੈਰਿਟ ਸੂਚੀ 'ਚ ਪ੍ਰਮੁੱਖ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ | ਜਸਮੀਨ ਸਿੰਘ ਸਪੁੱਤਰ ਪਰਵਿੰਦਰ ਸਿੰਘ ਜੋ ਬੀ.ਕਾਮ ਭਾਗ ਤੀਜਾ ਦਾ ਵਿਦਿਆਰਥੀ ਹੈ ਤੇ ਲਵਪ੍ਰੀਤ ਕੌਰ ਸਪੁੱਤਰੀ ਤਰਸੇਮ ਸਿੰਘ ਜੋ ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਹੈ, ਦੋਨਾਂ ਨੇ ਇਸ ਪ੍ਰੀਖਿਆ 'ਚ ਬਿਹਤਰ ਅਕਾਦਮਿਕ ਪ੍ਰਦਰਸ਼ਨ ਕਰਕੇ ਮੈਰਿਟ 'ਚ ਪ੍ਰਸੰਸਾਯੋਗ ਰੈਂਕ ਪ੍ਰਾਪਤ ਕੀਤਾ | ਇਸ ਮੌਕੇ ਕਾਲਜ ਇੰਚਾਰਜ ਡਾ. ਸਮਰਾਟ ਖੰਨਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੈਤਿਕ ਸਿੱਖਿਆ ਵਰਗੇ ਵਿਸ਼ੇ ਦੇ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ 'ਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ ਅਤੇ ਇਹ ਪ੍ਰਾਪਤੀ ਇਸ ਗੱਲ ਦੀ ਗਵਾਹ ਹੈ ਕਿ ਕਾਲਜ ਦੇ ਵਿਦਿਆਰਥੀ ਸਿਰਫ਼ ਅਕਾਦਮਿਕ ਪੱਧਰ 'ਤੇ ਹੀ ਨਹੀਂ, ਸਗੋਂ ਨੈਤਿਕ ਮੁੱਲਾਂ ਵਿਚ ਵੀ ਅੱਗੇ ਵਧ ਰਹੇ ਹਨ | ਸੀਨੀਅਰ ਫੈਕਲਟੀ ਮੈਂਬਰ ਡਾ. ਪਰਮਿੰਦਰ ਸਿੰਘ ਤੱਗੜ, ਪ੍ਰੋ. ਸ਼ਿਲਪਾ ਕਾਂਸਲ ਅਤੇ ਡਾ. ਸੁਭਾਸ਼ ਚੰਦਰ ਨੇ ਵੀ ਇਵੈਂਟ ਇੰਚਾਰਜ ਡਾ. ਗੁਰਬਿੰਦਰ ਕੌਰ ਸਮੇਤ ਦੋਵੇਂ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ | ਕਾਲਜ ਪ੍ਰਬੰਧਕਾਂ ਨੇ ਉਮੀਦ ਜਤਾਈ ਕਿ ਭਵਿੱਖ ਵਿਚ ਵੀ ਵਿਦਿਆਰਥੀ ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਵਿਚ ਭਾਗ ਲੈਂਦੇ ਹੋਏ ਕਾਲਜ ਅਤੇ ਖੇਤਰ ਦਾ ਨਾਂਅ ਹੋਰ ਵੀ ਰੌਸ਼ਨ ਕਰਨਗੇ |