ਮੋਗਾ, 23 ਨਵੰਬਰ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਮਾਤਾ ਦਮੋਦਰੀ ਖ਼ਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਸਕੂਲ ਵਿਚ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ | ਇਸ ਪਵਿੱਤਰ ਸਮਾਗਮ ਦੀ ਸ਼ੁਰੂਆਤ ਗੁਰੂਘਰ ਦੀ ਰਹਿਤ ਅਨੁਸਾਰ ਸ਼ਬਦ ਕੀਰਤਨ ਨਾਲ ਹੋਈ | ਇਸ ਤੋਂ ਬਾਅਦ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਜਪੁਜੀ ਸਾਹਿਬ ਅਤੇ ਸਲੋਕ ਮਹੱਲਾ 9 ਦਾ ਪਾਠ ਕੀਤਾ ਗਿਆ | ਇਸ ਵਿਸ਼ੇਸ਼ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਵਿਦਿਆਰਥੀਆਂ ਲਈ ਵੱਖ-ਵੱਖ ਬੌਧਿਕ ਮੁਕਾਬਲੇ ਕਰਵਾਏ ਗਏ | ਇਨ੍ਹਾਂ 'ਚ ਲੇਖ ਲਿਖਣ ਦਾ ਮੁਕਾਬਲਾ, ਪ੍ਰਸ਼ਨ ਉੱਤਰ ਮੁਕਾਬਲਾ ਤੇ ਗੁਰੂ ਜੀ ਦੇ ਜੀਵਨ-ਮੁੱਲ 'ਤੇ ਆਧਾਰਿਤ ਗਿਆਨ ਪਰਖ ਸ਼ਾਮਿਲ ਸਨ | ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਆਪਣੀ ਬੁੱਧੀਮਤਾ, ਲਿਖਣੀ ਕਲਾ ਤੇ ਗਿਆਨ ਨੂੰ ਸੁੰਦਰ ਰੂਪ ਵਿਚ ਪ੍ਰਗਟਾਇਆ | ਜਿਹੜੇ ਵਿਦਿਆਰਥੀ ਇਨ੍ਹਾਂ ਮੁਕਾਬਲਿਆਂ ਵਿਚ ਪਹਿਲੇ, ਦੂਜੇ ਤੇ ਤੀਜੇ 'ਤੇ ਆਏ, ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਨ੍ਹਾਂ ਮੁਕਾਬਲਿਆਂ ਵਿਚ ਜਸਪ੍ਰੀਤ ਕੌਰ ਨੇ ਪਹਿਲਾ ਸਥਾਨ, ਕਿਰਨਦੀਪ ਕੌਰ ਨੇ ਦੂਜਾ ਸਥਾਨ ਹਾਸਲ ਕਰ ਕੇ 1500-1500 ਰੁਪਏ ਨਗਦ ਇਨਾਮ ਪ੍ਰਾਪਤ ਕੀਤਾ | ਪਰਵੀਨ ਕੌਰ, ਜਸਦੀਪ ਕੌਰ, ਕਮਲੇਸ਼ ਕੌਰ, ਪ੍ਰਭਜੀਤ ਕੌਰ, ਹਰਮਨਜੋਤ ਕੌਰ, ਚਰਨਪ੍ਰੀਤ ਕੌਰ ਨੇ 500-500 ਰੁਪਏ ਨਗਦ ਇਨਾਮ ਪ੍ਰਾਪਤ ਕੀਤਾ | ਸਮਾਗਮ ਦੌਰਾਨ ਧਾਰਮਿਕ ਅਧਿਆਪਕ ਰਾਜਵਿੰਦਰ ਸਿੰਘ ਵਲੋਂ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਅਤੇ ਸ਼ਾਂਤੀ, ਧਰਮ ਤੇ ਮਨੁੱਖਤਾ ਦੇ ਸਿਧਾਂਤਾਂ ਬਾਰੇ ਵੀ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਜਾਣੂੰ ਕਰਵਾਇਆ ਗਿਆ | ਅੰਤ ਵਿਚ ਪਿ੍ੰਸੀਪਲ ਰਮਨਦੀਪ ਕੌਰ ਭੁੱਲਰ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ |