ਮੋਗਾ, 24 ਨਵੰਬਰ (ਸੁਰਿੰਦਰਪਾਲ ਸਿੰਘ)-ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਇਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜਿਸ 'ਚ ਹਰ ਦਿਵਸ ਨੂੰ ਵਿਸ਼ੇਸ਼ ਤੌਰ 'ਤੇ ਹੀ ਮਨਾਇਆ ਜਾਂਦਾ ਹੈ | ਸੰਸਥਾ 'ਚ ਸਿੱਖ ਧਰਮ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ | ਸਵੇਰ ਦੀ ਸਭਾ ਦੌਰਾਨ ਇਸ ਪ੍ਰੋਗਰਾਮ ਦਾ ਆਰੰਭ 'ਥਿਰ ਘਰ ਬੈਸਹੁ' ਸ਼ਬਦ ਗਾਇਣ ਕਰਨ ਨਾਲ ਹੋਇਆ | ਇਸ ਤੋਂ ਬਾਅਦ ਵਿਦਿਆਰਥੀਆਂ ਨੇ ਕਵਿਤਾਵਾਂ ਪੇਸ਼ ਕੀਤੀਆਂ | ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਨਾਲ ਜੁੜੀ ਕਵੀਸ਼ਰੀ ਦੀ ਪੇਸ਼ਕਾਰੀ ਨੇ ਤਾਂ ਸਭ ਨੂੰ 1975 ਈ: ਦੇ ਕਾਲ ਵਿਚ ਪ੍ਰਵੇਸ਼ ਕਰਵਾ ਦਿੱਤਾ | ਇਸ ਤੋਂ ਬਾਅਦ ਵਿਦਿਆਰਥੀਆਂ ਨੇ ਵੈਰਾਗਮਈ ਸਲੋਕ ਗਾਇਣ ਕੀਤੇ | ਇਸ ਤੋਂ ਬਿਨ੍ਹਾਂ ਵਿਦਿਆਰਥੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਯਾਤਰਾਵਾਂ, ਦੇਗ-ਤੇਗ ਫ਼ਤਿਹ, ਸਲੋਕਾਂ ਤੇ ਸ਼ਹੀਦੀ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ | ਸਕੂਲ ਦੀ ਗਰਾਊਾਡ ਵਿਚ ਸਾਰੇ ਵਿਦਿਆਰਥੀ 350 ਅੱਖਰਾਂ ਦੀ ਬਣਤਰ ਵਿਚ ਖੜ੍ਹ ਕੇ ਨੌਵੇਂ ਪਾਤਸ਼ਾਹ ਜੀ ਦੀ 350ਵੀਂ ਸ਼ਹੀਦੀ ਨੂੰ ਨਤਮਸਤਕ ਹੋਏ | ਜ਼ਿਕਰਯੋਗ ਹੈ ਕਿ ਇਸ ਸੰਸਥਾ ਦੇ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਏ ਗਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲਿਆ ਜਿਸ 'ਚ ਦਸਤਾਰ ਸਜਾਉਣ ਦੇ ਮੁਕਾਬਲੇ 'ਚ ਪਹਿਲਾ ਅਤੇ ਦੂਸਰਾ ਪ੍ਰਾਪਤ ਕੀਤਾ | ਇਸੇ ਤਰ੍ਹਾਂ ਕਵਿਤਾ ਗਾਇਣ 'ਚ ਵੀ ਪਹਿਲਾ ਤੇ ਪੇਂਟਿੰਗ ਮੁਕਾਬਲੇ 'ਚ ਤੀਸਰਾ ਸਥਾਨ ਪ੍ਰਾਪਤ ਕਰਕੇ ਇਸ ਸੰਸਥਾ ਦਾ ਨਾਂਅ ਉੱਚਾ ਕੀਤਾ ਹੈ | ਪ੍ਰੋਗਰਾਮ ਦੇ ਅੰਤ 'ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਇਤਿਹਾਸ ਵਿਚ ਅਦੁੱਤੀ ਸ਼ਹੀਦੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਗੁਰੂ ਜੀ ਨੇ ਇਹ ਸ਼ਹੀਦੀ ਆਪਣੇ ਧਰਮ ਲਈ ਨਹੀਂ ਬਲਕਿ ਦੂਸਰੇ ਧਰਮ ਦੀ ਰੱਖਿਆ ਲਈ ਦਿੱਤੀ ਸੀ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ਸ਼ੈਰੀ ਢਿੱਲੋਂ ਵਾਈਸ ਚੇਅਰਮੈਨ, ਗੁਰਮੀਤ ਸਿੰਘ ਸਰਪੰਚ ਵਿੱਤ ਸਕੱਤਰ ਵੀ ਮੌਜੂਦ ਸਨ |