ਠੱਠੀ ਭਾਈ, 21 ਦਸੰਬਰ (ਜਗਰੂਪ ਸਿੰਘ ਮਠਾੜੂ)-ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਤੇ ਅਲੌਕਿਕ ਨਗਰ ਕੀਰਤਨ ਪਿੰਡ ਸੁਖਾਨੰਦ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਸਜਾਇਆ ਗਿਆ | ਇਸ ਪਾਵਨ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ | ਨਗਰ ਕੀਰਤਨ ਦੌਰਾਨ ਪਿੰਡ ਦੀਆਂ ਵੱਖ-ਵੱਖ ਥਾਵਾਂ 'ਤੇ ਪੜ੍ਹਾਵ ਲਗਾਏ ਗਏ, ਜਿੱਥੇ ਅੰਤਰਰਾਸ਼ਟਰੀ ਗੋਲਡ ਮੈਡਲਿਸਟ ਕਵੀਸ਼ਰ ਭਾਈ ਵੀਰਭਾਨ ਸਿੰਘ ਮੌੜ ਮਾਲਵਾ ਦੇ ਜਥੇ ਵਲੋਂ ਗੁਰ ਇਤਿਹਾਸ ਦੀ ਰੌਸ਼ਨੀ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਵਰਣਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਕਵੀਸ਼ਰੀ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੀ ਅਡੋਲ ਆਸਥਾ ਤੇ ਵੱਡੇ ਸਾਹਿਬਜ਼ਾਦਿਆਂ ਦੀ ਅਦਭੁਤ ਬਹਾਦਰੀ ਨੂੰ ਦਰਸਾਇਆ ਗਿਆ | ਨਗਰ ਕੀਰਤਨ ਦੌਰਾਨ ਗਤਕਾ ਪਾਰਟੀਆਂ ਵਲੋਂ ਸ਼ਸਤਰ ਵਿੱਦਿਆ ਦੇ ਜੌਹਰ ਵਿਖਾਏ ਗਏ, ਜਦ ਕਿ ਧਾਰਮਿਕ ਕੀਰਤਨ ਤੇ ਗੁਰਬਾਣੀ ਦੇ ਸ਼ਬਦਾਂ ਨਾਲ ਪੂਰਾ ਦਿਨ ਗੁਰਬਾਣੀ ਦੇ ਰੰਗ ਵਿਚ ਰੰਗਿਆਂ ਰਿਹਾ | ਇਸ ਮੌਕੇ ਪਿੰਡ ਦੀ ਪੰਚਾਇਤ ਸੰਗਤਾਂ, ਨੌਜਵਾਨਾਂ, ਬੀਬੀਆਂ ਤੇ ਬੱਚਿਆਂ ਵਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ | ਅੰਤ ਵਿਚ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਉਪਰੰਤ ਲੰਗਰ ਅਤੁੱਟ ਵਰਤਾਇਆ ਗਿਆ | ਪ੍ਰਬੰਧਕਾਂ ਵਲੋਂ ਸਮੂਹ ਸੰਗਤਾਂ, ਕਵੀਸ਼ਰੀ ਜਥਿਆਂ ਤੇ ਸਹਿਯੋਗੀ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ |