ਨੱਥੂਵਾਲਾ ਗਰਬੀ, 21 ਦਸੰਬਰ (ਨਵਦੀਪ ਸਿੰਘ)-ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਵਲੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਵੱਡੀ ਜਿੱਤ ਪ੍ਰਾਪਤ ਕੀਤੀ ਗਈ | ਇਸ ਜਿੱਤ ਮੌਕੇ ਅਕਾਲੀ ਆਗੂਆਂ ਨੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਹਲਕਾ ਇੰਚਾਰਜ ਤੇ ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ ਨੂੰ ਵਧਾਈ ਦਿੱਤੀ | ਇਸ ਸਮੇਂ ਜ਼ਿਲ੍ਹਾ ਮੋਗਾ ਦੇ ਯੂਥ ਪ੍ਰਧਾਨ ਹਰਜੋਤ ਸਿੰਘ ਡੇਮਰੂ, ਸਰਕਲ ਪ੍ਰਧਾਨ ਜਗਰੂਪ ਸਿੰਘ ਲੰਗੇਆਣਾ, ਹਰਜੀਤ ਸਿੰਘ ਗਿੱਲ, ਜਿੰਮੀ ਸਰਪੰਚ ਗੱਜਣ ਵਾਲਾ, ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਹਰੀਏਵਾਲਾ, ਇੰਦਰਜੀਤ ਸਿੰਘ ਲੰਡੇ ਨੇ ਕਿਹਾ ਕਿ ਇਹ ਜਿੱਤ ਹਲਕੇ ਦੇ ਲੋਕਾਂ ਦੇ ਭਰੋਸੇ ਤੇ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਦੀਆਂ 25 ਸੀਟਾਂ 'ਚੋਂ 13 ਸੀਟਾਂ 'ਤੇ ਸ਼ਾਨਦਾਰ ਜਿੱਤ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚਾਰ ਵਿਚੋਂ ਤਿੰਨ ਸੀਟਾਂ 'ਤੇ ਕਬਜ਼ਾ ਹਲਕੇ ਦੇ ਅਕਾਲੀ ਦਲ ਵਰਕਰਾਂ ਦੀ ਇਕਜੁੱਟਤਾ ਤੇ ਸੰਗਠਨ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ | ਇਸ ਸਮੇਂ ਇਨ੍ਹਾਂ ਆਗੂਆਂ ਨੇ ਹਲਕਾ ਬਾਘਾ ਪੁਰਾਣਾ ਦੇ ਵੋਟਰਾਂ ਦਾ ਵੀ ਧੰਨਵਾਦ ਕੀਤਾ |