ਮੋਗਾ, 23 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਲੋਕ ਮਸਲਿਆਂ ਨੂੰ ਪਰਨਾਈ ਸੰਸਥਾ ਸਿਵਲ ਸੁਸਾਇਟੀ ਮੋਗਾ ਵਲੋਂ ਆਗਾਮੀ ਮਿਊਾਸੀਪਲ ਚੋਣਾਂ ਦੇ ਮੱਦੇਨਜ਼ਰ ਮੋਗਾ ਸ਼ਹਿਰ ਦੇ ਅਣਸੁਲਝੇ ਲਟਕਦੇ ਮਸਲਿਆਂ ਦਾ ਲੋਕ ਮੈਨੀਫੈਸਟੋ ਤਿਆਰ ਕਰਨ ਲਈ 26 ਦਸੰਬਰ ਦਿਨ ਸ਼ੁੱਕਰਵਾਰ ਨੂੰ ਮਿਊਾਸੀਪਲ ਕਾਰਪੋਰੇਸ਼ਨ ਮੋਗਾ ਦੇ ਵਿਹੜੇ ਵਿਚ ਆਮ ਲੋਕਾਂ, ਮੌਜੂਦਾ ਤੇ ਸਾਬਕਾ ਐਮ.ਸੀ., ਰਾਜਨੀਤਕ ਪਾਰਟੀਆਂ ਅਤੇ ਬੁੱਧੀਜੀਵੀਆਂ ਦਾ ਇਕੱਠ ਕਰਨ ਦਾ ਐਲਾਨ ਕੀਤਾ ਹੈ | ਇਸ ਸਬੰਧੀ ਅੱਜ ਕਮਿਸ਼ਨਰ ਨਗਰ ਨਿਗਮ ਮੋਗਾ ਨੂੰ ਲਿਖਤੀ ਸੂਚਨਾ ਦੇਣ ਤੋਂ ਬਾਅਦ ਸੰਬੋਧਨ ਕਰਦਿਆਂ ਸੰਸਥਾ ਦੇ ਐਡਵਾਈਜ਼ਰ ਅਜੇ ਗੋਰਾ ਸੂਦ, ਪ੍ਰਜੀਡੀਅਮ ਮੈਂਬਰ ਮਹਿੰਦਰਪਾਲ ਲੂੰਬਾ, ਅਮਰਜੀਤ ਸਿੰਘ ਜੱਸਲ ਅਤੇ ਬਲਵਿੰਦਰ ਸਿੰਘ ਰੋਡੇ ਨੇ ਦੱਸਿਆ ਕਿ ਵਿਰੋਧੀ ਧਿਰਾਂ ਵਲੋਂ ਲੋਕ ਮਸਲਿਆਂ 'ਤੇ ਧਾਰੀ ਲੰਬੀ ਚੁੱਪ ਨੂੰ ਦੇਖਦਿਆਂ ਸਿਵਲ ਸੁਸਾਇਟੀ ਮੋਗਾ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਇਹ ਇਕੱਠ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਅਗਲੇਰੀ ਲੋਕਲ ਗਵਰਨਮੈਂਟ ਇਨ੍ਹਾਂ ਮੁੱਦਿਆਂ 'ਤੇ ਬਣਾਈ ਜਾ ਸਕੇ | ਉਨ੍ਹਾਂ ਦੱਸਿਆ ਕਿ ਮੋਗਾ ਸ਼ਹਿਰ ਟਰੈਫ਼ਿਕ, ਸੀਵਰੇਜ, ਪੀਣ ਵਾਲੇ ਸਾਫ਼ ਪਾਣੀ, ਬੇਸਹਾਰਾ ਪਸ਼ੂਆਂ, ਆਵਾਰਾ ਕੁੱਤਿਆਂ, ਸ਼ੋਰ ਪ੍ਰਦੂਸ਼ਣ, ਨਸ਼ੇ ਸਮੇਤ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਪਰ ਸਭ ਤੋਂ ਅਮੀਰ ਕਾਰਪੋਰੇਸ਼ਨ ਹੋਣ ਦੇ ਬਾਵਜੂਦ ਭਿ੍ਸ਼ਟਾਚਾਰ ਦੇ ਚੱਲਦਿਆਂ ਮੁੱਦੇ ਘਟਣ ਦੀ ਬਜਾਏ ਵੱਧ ਰਹੇ ਹਨ ਜਿਸ ਕਾਰਨ ਆਮ ਲੋਕ ਦੁਸ਼ਵਾਰੀਆਂ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਉਨ੍ਹਾਂ ਦੱਸਿਆ ਕਿ ਮੋਗਾ ਸ਼ਹਿਰ ਵਿਚ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਵੀ ਬਹੁਤ ਸੁਧਾਰ ਦੀ ਜ਼ਰੂਰਤ ਹੈ ਪਰ ਨਾ ਤਾਂ ਮੌਜੂਦਾ ਸਰਕਾਰ, ਕਾਰਪੋਰੇਸ਼ਨ ਇਨ੍ਹਾਂ ਵੱਲ ਧਿਆਨ ਦੇ ਰਹੀ ਹੈ ਤੇ ਨਾ ਪ੍ਰਮੁੱਖ ਵਿਰੋਧੀ ਰਾਜਨੀਤਕ ਪਾਰਟੀਆਂ ਇਨ੍ਹਾਂ 'ਤੇ ਕੁਝ ਬੋਲ ਰਹੀਆਂ ਹਨ | ਕਾਰਪੋਰੇਸ਼ਨ ਵਿਚ ਵੱਡੀ ਪੱਧਰ 'ਤੇ ਚੱਲ ਰਿਹਾ ਭਿ੍ਸ਼ਟਾਚਾਰ ਵੀ ਆਮ ਲੋਕਾਂ ਲਈ ਵੱਡੀ ਪਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ | ਵਾਰਡਬੰਦੀ ਵੀ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਬਜਾਏ ਵਾਰਡਾਂ ਦੀ ਭੰਨਤੋੜ ਕਰ ਕੇ ਸਿਰਫ਼ ਕਾਰਪੋਰੇਸ਼ਨ 'ਤੇ ਕਬਜ਼ਾ ਕਰਨ ਦੇ ਮਕਸਦ ਨਾਲ ਕੀਤੀ ਜਾ ਰਹੀ ਹੈ, ਜਿਸ ਕਾਰਨ ਆਮ ਲੋਕਾਂ ਵਿਚ ਰੋਸ ਹੈ ਪਰ ਇਸ ਰੋਸ ਨੂੰ ਪ੍ਰਗਟ ਕਰਨ ਲਈ ਉਨ੍ਹਾਂ ਕੋਲ ਕੋਈ ਢੁਕਵਾਂ ਫ਼ਰੰਟ ਨਹੀਂ ਹੈ ਜੋ ਸਿਵਲ ਸੁਸਾਇਟੀ ਲੋਕਾਂ ਨੂੰ ਮੁਹੱਈਆ ਕਰਨ ਜਾ ਰਹੀ ਹੈ | ਉਨ੍ਹਾਂ ਆਮ ਲੋਕਾਂ, ਮੌਜੂਦਾ ਅਤੇ ਸਾਬਕਾ ਐਮ.ਸੀ., ਰਾਜਨੀਤਕ ਪਾਰਟੀਆਂ, ਚੇਤਨ, ਬੁੱਧੀਜੀਵੀ ਲੋਕਾਂ, ਔਰਤਾਂ ਅਤੇ ਵਿਦਿਆਰਥੀਆਂ ਨੂੰ 26 ਦਸੰਬਰ ਸ਼ੁੱਕਰਵਾਰ ਨੂੰ ਆਪਣੀਆਂ ਸਮੱਸਿਆਵਾਂ ਲੈ ਕੇ ਟਾਊਨ ਹਾਲ ਕਲੱਬ ਦੇ ਵਿਹੜੇ ਵਿਚ ਪਹੁੰਚਣ ਦੀ ਅਪੀਲ ਕੀਤੀ | ਇਸ ਮੌਕੇ ਉਕਤ ਤੋਂ ਇਲਾਵਾ ਜਨਰਲ ਸਕੱਤਰ ਪਿ੍ਤਪਾਲ ਸਿੰਘ ਗਿੱਲ, ਦਫ਼ਤਰ ਇੰਚਾਰਜ ਸ਼ਿਵਸ਼ਰਨ ਸਿੰਘ, ਕਮਲਜੀਤ ਸਿੰਘ ਮਹੇਸ਼ਰੀ, ਦਿਆਲ ਸਿੰਘ, ਕੇਵਲ ਬਾਂਸਲ ਅਤੇ ਨਰਿੰਦਰਪਾਲ ਸਿੰਘ ਸਹਾਰਨ ਆਦਿ ਵੀ ਹਾਜ਼ਰ ਸਨ |