ਕੋਟ ਈਸੇ ਖਾਂ, 24 ਦਸੰਬਰ (ਗੁਰਮੀਤ ਸਿੰਘ ਖ਼ਾਲਸਾ)-ਡੀ. ਏ. ਵੀ., ਕੇ. ਆਰ. ਬੀ. ਪਬਲਿਕ ਸਕੂਲ ਕੋਟ ਈਸੇ ਖਾਂ 'ਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸਕੂਲ ਪਿ੍ੰਸੀਪਲ ਰਿਤੂ ਅਹੂਜਾ ਨੇ ਦੱਸਿਆ ਕਿ ਸਕੂਲ ਵਿਚ ਸ਼੍ਰੀ ਜਪੁਜੀ ਸਾਹਿਬ ਦੇ ਪਾਠ ਕੀਤੇ ਗਏ | ਉਪਰੰਤ ਗੁਰਬਾਣੀ ਕੀਰਤਨ ਹੋਇਆ | ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਦਾਦੀ ਮਾਤਾ ਗੁਜ਼ਰ ਕੌਰ ਜੀ ਅਤੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਸਾਨੀ ਇਤਿਹਾਸ ਬਾਰੇ ਸਮੂਹ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ | ਸਿੱਖ ਇਤਿਹਾਸ ਬਾਰੇ ਵਿਚਾਰ ਚਰਚਾ ਵੀ ਹੋਈ | ਸਕੂਲ ਦੇ ਚੇਅਰਮੈਨ ਵਿਜੇ ਕੁਮਾਰ ਧੀਰ ਨੇ ਬੱਚਿਆਂ ਨੂੰ ਸੇਧ ਦਿੰਦੇ ਹੋਏ ਕਿਹਾ ਕਿ ਜੋ ਕੌਮ ਆਪਣਾ ਇਤਿਹਾਸ ਭੁੱਲ ਜਾਂਦੀ ਹੈ, ਉਸ ਦੀ ਹੋਂਦ ਖ਼ਤਮ ਹੋ ਜਾਣਾ ਯਕੀਨੀ ਹੈ | ਉਨ੍ਹਾਂ ਕਿਹਾ ਕਿ ਕੌਮ ਦੇ ਇਤਿਹਾਸ ਨੂੰ ਹਰ ਵਿਦਿਆਰਥੀ ਨਾਲ਼ ਜੋੜਨ ਦਾ ਉਪਰਾਲਾ ਡੀ.ਏ.ਵੀ. ਸਕੂਲ ਲਗਾਤਾਰ ਕਰ ਰਿਹਾ ਹੈ | ਇਸ ਮੌਕੇ ਸਕੂਲ ਦਾ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਹਾਜ਼ਰ ਸੀ |