ਮੋਗਾ, 29 ਦਸੰਬਰ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਮੋਗਾ ਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪਹਿਲਕਦਮੀ ਉੱਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਧੀਨ ਕੰਮ ਕਰ ਰਹੇ ਕੇਂਦਰ ਅਲਿਮਕੋ (ਆਰਟੀਫਿਸ਼ਲ ਲਿੰਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ ਐਗਜਿਲਰੀ ਪ੍ਰੋਡਕਸ਼ਨ ਸੈਂਟਰ) ਵਲੋਂ ਸੀਨੀਅਰ ਸਿਟੀਜ਼ਨਾਂ ਨੂੰ ਸਹਾਇਕ ਸਮੱਗਰੀ ਮੁਫ਼ਤ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਮੋਗਾ ਵਿਚ 4 ਰਜਿਸਟ੍ਰੇਸ਼ਨ ਕੈਂਪ ਮਿਤੀ 6 ਜਨਵਰੀ ਤੋਂ 9 ਜਨਵਰੀ 2026 ਤੱਕ ਲਗਾਏ ਜਾ ਰਹੇ ਹਨ | ਅਸੈਸਮੈਂਟ ਕੈਂਪਾਂ ਦੀਆਂ ਤਰੀਕਾਂ ਤੇ ਸਥਾਨਾਂ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਜਸਪਿੰਦਰ ਸਿੰਘ ਨੇ ਦੱਸਿਆ ਕਿ 6 ਜਨਵਰੀ ਨੂੰ ਬਲਾਕ ਮੋਗਾ ਦੇ ਭੁਪਿੰਦਰਾ ਖ਼ਾਲਸਾ ਸਕੂਲ ਮੋਗਾ ਵਿਖੇ, 7 ਜਨਵਰੀ ਨੂੰ ਬਾਘਾ ਪੁਰਾਣਾ ਬਲਾਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬਾਘਾ ਪੁਰਾਣਾ ਵਿਖੇ, 8 ਜਨਵਰੀ ਨੂੰ ਨਿਹਾਲ ਸਿੰਘ ਵਾਲਾ ਬਲਾਕ ਦੇ ਅਗਰਵਾਲ ਧਰਮਸ਼ਾਲਾ ਨਿਹਾਲ ਸਿੰਘ ਵਾਲਾ ਵਿਖੇ ਅਤੇ 9 ਜਨਵਰੀ ਨੂੰ ਧਰਮਕੋਟ ਬਲਾਕ ਦੇ ਨਗਰ ਕੌਂਸਲ ਦਫ਼ਤਰ ਧਰਮਕੋਟ ਵਿਖੇ ਇਹ ਕੈਂਪ ਲਗਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਦਾ ਹੋਵੇਗਾ | ਇਨ੍ਹਾਂ ਕੈਂਪਾਂ ਦੌਰਾਨ ਸੀਨੀਅਰ ਸਿਟੀਜ਼ਨਾਂ ਨੂੰ ਟਰਾਈਸਾਈਕਲ, ਐਨਕਾਂ, ਕੰਨਾਂ ਦੀਆਂ ਮਸ਼ੀਨਾਂ, ਵੀਲਚੇਅਰ, ਸਟਿਕ ਆਦਿ ਮੁਫ਼ਤ ਦੇਣ ਲਈ ਅਸੈਸਮੈਂਟ ਕੀਤੀ ਜਾਵੇਗੀ | ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਅਲਿਮਕੋ ਦੇ ਮਾਹਿਰ ਡਾਕਟਰ ਯੋਗ ਲਾਭਪਾਤਰੀਆਂ ਦੀ ਅਸੈਸਮੈਂਟ ਕਰਨਗੇ | ਇਨ੍ਹਾਂ ਕੈਂਪਾਂ ਦਾ ਲਾਭ ਲੈਣ ਲਈ ਲਾਭਪਾਤਰੀ ਸਬੰਧਿਤ ਸਥਾਨਾਂ 'ਤੇ ਪਹੁੰਚ ਸਕਦੇ ਹਨ | ਚਾਹਵਾਨ ਵਿਅਕਤੀ ਆਪਣੇ ਆਧਾਰ ਕਾਰਡ ਦੀ ਕਾਪੀ, ਇਕ ਪਾਸਪੋਰਟ ਸਾਈਜ਼ ਫ਼ੋਟੋ, ਆਮਦਨ ਸਰਟੀਫਿਕੇਟ ਦਸਤਾਵੇਜ਼ ਪੇਸ਼ ਕਰ ਕੇ ਆਪਣੀ ਅਸੈਸਮੈਂਟ ਕਰਵਾ ਸਕਦੇ ਹਨ | ਅਸੈਸਮੈਂਟ ਦੌਰਾਨ ਉਨ੍ਹਾਂ ਕੋਲ ਆਧਾਰ ਕਾਰਡ ਦੀ ਕਾਪੀ, ਪਾਸਪੋਰਟ ਸਾਈਜ਼ ਫ਼ੋਟੋ ਅਤੇ ਉਨ੍ਹਾਂ ਕੋਲ 15 ਹਜ਼ਾਰ ਰੁਪਏ ਮਹੀਨਾ ਤੋਂ ਘੱਟ ਦਾ ਆਮਦਨ ਸਰਟੀਫਿਕੇਟ ਵੀ ਹੋਣਾ ਲਾਜ਼ਮੀ ਹੈ |