ਮੋਗਾ, 29 ਦਸੰਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਖ਼ਾਲਸਾ ਸੇਵਾ ਸੁਸਾਇਟੀ ਮੋਗਾ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਮਾਤਾ ਗੁਜ਼ਰ ਕੌਰ ਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਨੂੰ ਸ਼ਹਾਦਤ ਨੂੰ ਸਮਰਪਿਤ ਠੰਢੇ ਬੁਰਜ ਦੀ ਯਾਦ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਵਿਲੱਖਣਤਾ ਇਹ ਸੀ ਕਿ ਇਹ ਸਮਾਗਮ ਮੋਗਾ ਦੇ ਮੇਨ ਚੌਕ ਗੁਰੂ ਨਾਨਕ ਕਾਲਜ ਦੇ ਨੇੜੇ ਰੱਖਿਆ ਗਿਆ | ਸਮਾਗਮ ਵਿਚ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਦੇ ਨਾਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕੀਤਾ ਗਿਆ, ਜਿਨ੍ਹਾਂ ਦੀਆਂ ਲਾਮਿਸਾਲ ਸ਼ਹਾਦਤਾਂ ਕਾਰਨ ਸਿੱਖ ਕੌਮ ਦੇ ਨਿਸ਼ਾਨ ਸਾਹਿਬ ਪੂਰੀ ਦੁਨੀਆ 'ਤੇ ਝੂਲ ਰਹੇ ਹਨ | ਇਸ ਤੋਂ ਬਾਅਦ ਸੰਗਤੀ ਰੂਪ ਚੌਪਈ ਸਾਹਿਬ ਦੇ ਜਾਪ ਕੀਤੇ ਗਏ | ਭਾਈ ਪਰਮਵੀਰ ਸਿੰਘ ਨੇ ਕੀਰਤਨ ਤੇ ਕਵਿਤਾਵਾਂ ਨਾਲ ਸੰਗਤ ਨੂੰ ਠੰਢੇ ਬੁਰਜ ਦੀ ਯਾਦ ਵਿਚ ਭਾਵੁਕ ਕਰ ਦਿੱਤਾ | ਸੁਸਾਇਟੀ ਦੇ ਮੁੱਖ ਸੇਵਾਦਾਰ ਪਰਮਜੋਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਇਸ ਸਮਾਗਮ ਵਿਚ ਸੀਨੀਅਰ ਕਿ੍ਕਟ ਕਲੱਬ ਵਲੋਂ ਭਾਈ ਮੋਤੀ ਰਾਮ ਮਹਿਰਾ ਦੀ ਯਾਦ 'ਚ ਦੁੱਧ ਦੇ ਲੰਗਰ ਲਗਾਏ ਗਏ ਹਨ ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਸੇਵਾ ਸੁਸਾਇਟੀ ਮੋਗਾ ਵਲੋਂ ਸੰਗਤ ਲਈ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਗਿਆ ਹੈ | ਇਸ ਤੋਂ ਇਲਾਵਾ ਨਗਰ ਨਿਗਮ ਮੋਗਾ, ਟਰੈਫ਼ਿਕ ਪੁਲਿਸ ਮੋਗਾ, ਦਸਤਾਰ ਚੇਤਨਾ ਮਾਰਚ ਕਮੇਟੀ ਮੋਗਾ, ਗੁਰਦੁਆਰਾ ਬੀਬੀ ਕਾਹਨ ਕੌਰ, ਗੁਰੂ ਨਾਨਕ ਕਾਲਜ ਮੋਗਾ, ਅਰਵਿੰਦਰ ਸਿੰਘ ਕੌਂਸਲਰ, ਡਾ. ਸ਼ਮਸ਼ੇਰ ਸਿੰਘ ਸਿੱਧੂ, ਰਣਜੀਤ ਸਿੰਘ ਨਾਗੀ, ਜਗਰੂਪ ਸਿੰਘ ਜੱਗਾ, ਕੁਲਵੰਤ ਸਿੰਘ ਰਿਚੀ, ਹਰਦਿਆਲ ਸਿੰਘ, ਗੁਰਜਿੰਦਰ ਸਿੰਘ ਧੰਮੂ ਦਾ ਵਿਸ਼ੇਸ਼ ਸਹਿਯੋਗ ਰਿਹਾ | ਕੁਲਦੀਪ ਸਿੰਘ ਕਲਸੀ, ਸਤਨਾਮ ਸਿੰਘ ਕਾਰਪੈਂਟਰ, ਦਲਜੀਤ ਸਿੰਘ ਔਲਖ, ਸਤਿੰਦਰਪਾਲ ਸਿੰਘ ਨੇ ਆਈ ਸੰਗਤ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਇਹ ਸਮਾਗਮ ਅਗਲੇ ਸਾਲ ਵੀ 27 ਦਸੰਬਰ ਨੂੰ ਰੱਖਿਆ ਜਾਵੇਗਾ | ਇਸ ਮੌਕੇ ਹਰਪ੍ਰੀਤ ਸਿੰਘ ਖੀਵਾ, ਮਾਸਟਰ ਪਵਨਜੀਤ ਸਿੰਘ ਰੱਖੜਾ, ਲਵਪ੍ਰੀਤ ਸਿੰਘ, ਪਾਲ ਸਹਾਰਨ, ਗੁਰਜੰਟ ਸਿੰਘ, ਰਸ਼ਪਾਲ ਸਿੰਘ, ਬਲਵਿੰਦਰ ਸਿੰਘ, ਬਲਜੀਤ ਸਿੰਘ ਚਾਨੀ ਕੌਂਸਲਰ ਆਦਿ ਹਾਜ਼ਰ ਸਨ |