ਸੁਨਾਮ ਊਧਮ ਸਿੰਘ ਵਾਲਾ, 4 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਪੰਜਾਬ 'ਚ ਹੜ੍ਹਾਂ ਨਾਲ ਹੋਈ ਤਬਾਹੀ ਨੂੰ ਲੈ ਕੇ ਜਿੱਥੇ ਦੇਸ ਵਿਦੇਸ਼ ਸਮੇਤ ਹਰ ਕੋਈ ਆਪਣੀ ਨੇਕ ਕਮਾਈ 'ਚੋਂ ਤਿਲ-ਫੁੱਲ ਪਾਕੇ ਇਸ ਦੁੱਖ ਦੀ ਘੜੀ ਇਨ੍ਹਾਂ ਪੀੜਤ ਪਰਿਵਾਰਾਂ ਦੀ ਬਾਂਹ ਫੜਨ ਦੀ ਕੋਸ਼ਿਸ਼ ਕਰ ਰਿਹਾ ਹੈ ਉੱਥੇ ਹੀ ਪੰਜਾਬ ਮੈਡੀਕਲ ਲੈਬਾਰਟਰੀ ਐਸੋਸੀਏਸ਼ਨ ਜੈ ਮਿਲਾਪ ਦੀ ਸੂਬਾ ਕੋਰ ਕਮੇਟੀ ਵਲੋਂ ਵੀ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਦੀਪ ਭਾਰਦਵਾਜ ਦੀ ਅਗਵਾਈ ਵਿਚ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਮੁੱਖ ਮੰਤਰੀ ਰਿਲੀਫ ਫ਼ੰਡ ਲਈ 2 ਲੱਖ ਰੁਪਏ ਦਾ ਚੈੱਕ ਭੇਂਟ ਸੌਂਪਿਆ ਗਿਆ | ਸੂਬਾ ਪ੍ਰਧਾਨ ਜਗਦੀਪ ਭਾਰਦਵਾਜ ਨੇ ਕਿਹਾ ਕਿ ਸੂਬਾ ਭਰ ਦੇ ਐਸੋਸੀਏਸ਼ਨ ਮੈਂਬਰ ਪੰਜਾਬ ਸਰਕਾਰ ਨਾਲ ਖੜ੍ਹੇ ਹਨ ਅਤੇ ਐਸੋਸੀਏਸ਼ਨ ਦੇ ਮੈਂਬਰ ਨਿੱਜੀ ਤੌਰ 'ਤੇ ਵੀ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨ 'ਚ ਜੁਟੇ ਹਨ | ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਹੋਰ ਜਥੇਬੰਦੀਆਂ ਨੂੰ ਵੀ ਇਸ ਅÏਖੇ ਸਮੇਂ 'ਚ ਵੱਧ ਤੋਂ ਵੱਧ ਹੜ੍ਹ ਪਰਿਵਾਰਾਂ ਦੀ ਸਾਰ ਲੈਣ ਦੀ ਅਪੀਲ ਕੀਤੀ | ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜਨ ਬੈਕਟਰ ਅਤੇ ਖ਼ਜ਼ਾਨਚੀ ਸੁਰਜੀਤ ਸਿੰਘ ਚੰਦੀ ਵੀ ਮੌਜੂਦ ਸਨ |