ਸੰਗਰੂਰ, 4 ਸਤੰਬਰ (ਧੀਰਜ ਪਸੌਰੀਆ) - ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਿੱਥੇ ਬਿਜਲੀ ਸਪਲਾਈ ਦੀਆਂ ਸ਼ਿਕਾਇਤਾਂ ਵੱਧ ਰਹੀਆਂ ਹਨ, ਉੱਥੇ ਕਰੰਟ ਲੱਗਣ ਦੀਆਂ ਸੰਭਾਵਨਾਵਾਂ ਵੀ ਵਧ ਗਈਆਂ ਹਨ | ਗਲੀਆਂ ਵਿਚ ਪਾਣੀ ਭਰਨ ਨਾਲ ਬਿਜਲੀ ਮੀਟਰਾਂ ਦੇ ਬਕਸੇ ਡੁੱਬਣ ਦੀ ਕਗਾਰ 'ਤੇ ਪਹੁੰਚ ਗਏ | ਖੰਭਿਆਂ ਦੇ ਬੇਸ ਵਿਚ ਪਾਣੀ ਪੈਣ ਨਾਲ ਜਿੱਥੇ ਖੰਭੇ ਡਿੱਗ ਸਕਦੇ ਹਨ | ਉੱਥੇ ਬਿਜਲੀ ਤਾਰਾਂ ਤੇ ਦਰਖ਼ਤ ਡਿੱਗਣ ਕਾਰਨ ਡਿੱਗੀਆਂ ਸਪਲਾਈ ਲਾਈਨਾਂ ਖੜੇ ਪਾਣੀ ਵਿਚ ਕਰੰਟ ਲਿਆ ਸਕਦੀਆਂ ਹਨ | ਜਦ ਪੈਦਾ ਹੋ ਰਹੀਆਂ ਸਥਿਤੀਆਂ ਸਬੰਧੀ ਪਾਵਰਕਾਮ ਦੇ ਐਕਸੀਅਨ ਵਰਿੰਦਰ ਦੀਪਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਾਰਸ਼ ਕਾਰਨ ਬਿਜਲੀ ਸਪਲਾਈ ਸਬੰਧੀ ਸ਼ਿਕਾਇਤਾਂ ਵੱਧ ਰਹੀਆਂ ਹਨ ਪਰ ਬਾਰਸ਼ ਕਾਰਨ ਪੈਦਾ ਹੋਈ ਸਥਿਤੀ ਕਾਰਨ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਿਚ ਦਿੱਕਤਾਂ ਆ ਰਹੀਆਂ ਹਨ |