ਬਠਿੰਡਾ, 4 ਸਤੰਬਰ (ਪੱਤਰ ਪ੍ਰੇਰਕ):- ਇਕ ਵਿਅਕਤੀ ਵਲੋਂ ਨਕਲੀ ਸੀ.ਬੀ.ਆਈ. ਅਧਿਕਾਰੀ ਬਣ ਕੇ ਬਠਿੰਡਾ ਦੇ ਬਜ਼ੁਰਗ ਵਕੀਲ ਨਾਲ 90 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਸੰਬੰਧੀ ਥਾਣਾ ਸਾਈਬਰ ਕ੍ਰਾਈਮ ਵਿਖੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਧਾਰਾ 318 (4), 319 (2), 336 (3), 337, 351 (2) ਬੀਐਨਐਸ, 66ਸੀ, 66ਡੀ ਆਈਟੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ | ਇਸ ਸੰਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਹਰਿੰਦਰ ਸਿੰਘ ਵਾਸੀ ਬਠਿੰਡਾ ਨੇ ਦੱਸਿਆ ਕਿ ਉਹ ਪੇਸ਼ੇ ਵਜੋਂ ਵਕੀਲ ਹੈ ਪਰ ਬਿਮਾਰ ਹੋਣ ਦੇ ਚੱਲਦਿਆਂ ਦੋ ਸਾਲ ਤੋਂ ਘਰ ਹੀ ਰਹਿ ਰਿਹਾ ਹਾਂ | ਉਸ ਨੂੰ 19 ਅਗਸਤ 2025 ਨੂੰ ਵੱਟਸਅੱਪ ਨੰਬਰ 'ਤੇ ਇਕ ਅਣਜਾਣ ਨੰਬਰ ਤੋਂ 'ਹੈਲੋ' ਦਾ ਸੁਨੇਹਾ ਮਿਲਿਆ¢ ਉਪਰੰਤ ਉਸੇ ਨੰਬਰ ਤੋਂ ਵੱਟਸਅੱਪ ਕਾਲ ਆ ਗਈ¢ ਕਾਲ ਕਰਨ ਵਾਲੇ ਨੇ ਖ਼ੁਦ ਨੂੰ ਸੀਬੀਆਈ ਦਾ ਏਐਸਆਈ ਵਿਜੇ ਖੰਨਾ ਦੱਸਿਆ ਅਤੇ ਕਿਹਾ ਕਿ ਤੁਹਾਡੇ ਉੱਪਰ ਮਨੀ ਲਾਂਡਰਿੰਗ ਦਾ ਕੇਸ ਦਰਜ ਹੈ, ਜਿਸ ਦੀ ਪੜਤਾਲ ਦੌਰਾਨ ਤੁਹਾਡਾ ਅਧਾਰ ਕਾਰਡ ਅਤੇ ਮੋਬਾਈਲ ਨੰਬਰ ਸ਼ਾਮਲ ਪਾਇਆ ਗਿਆ | ਉਸ ਨੇ ਦੱਸਿਆ ਕਿ ਉਨ੍ਹਾਂ ਦੇ ਸੀਨੀਅਰ ਅਧਿਕਾਰੀ ਵੀਡੀਓ ਕਾਲ ਕਰਕੇ ਤੁਹਾਡੇ ਤੋਂ ਪੁੱਛਗਿੱਛ ਕਰਨਗੇ | ਥੋੜੀ ਦੇਰ ਬਾਅਦ ਵਰਦੀ 'ਚ ਇਕ ਵਿਅਕਤੀ ਨੇ ਵੀਡੀਓ ਕਾਲ ਕਰਕੇ ਮੇਰਾ ਅਧਾਰ ਕਾਰਡ ਮੰਗਿਆ, ਜਿਸ ਦੀ ਮੈ ਫ਼ੋਟੋ ਭੇਜ ਦਿੱਤੀ | ਉਨ੍ਹਾਂ ਨੇ ਕਿਹਾ ਕਿ ਉਹ ਉਸ ਨੂੰ ਘਰੇ ਆ ਕੇ ਗਿ੍ਫ਼ਤਾਰ ਕਰ ਸਕਦੇ ਹਨ | ਜਿਸ ਮਗਰੋਂ ਉਹ ਘਬਰਾ ਗਿਆ ਤੇ ਉਨਾਂ ਨੇ ਧਮਕੀ ਦਿੱਤੀ ਕਿ ਇਸ ਬਾਰੇ ਕਿਸੇ ਨਾਲ ਗੱਲ ਨਾ ਕਰੇ | ਫਿਰ ਉਨ੍ਹਾਂ ਨੇ 25 ਅਗਸਤ ਨੂੰ ਫ਼ੋਨ ਕਰਕੇ ਉਸ ਦਾ ਬੈਂਕ ਬੈਲੇਂਸ, ਪ੍ਰਾਪਰਟੀ ਅਤੇ ਹੋਰ ਕੀਮਤੀ ਚੀਜ਼ਾਂ ਬਾਰੇ ਜਾਣਕਾਰੀ ਲਈ | ਉਨ੍ਹਾਂ ਨੇ ਕਿਹਾ ਕਿ ਉਸ ਨੂੰ 28 ਲੱਖ ਰੁਪਏ ਸਕਿਉਰਿਟੀ ਦੇ ਤੌਰ 'ਤੇ ਟਰਾਂਸਫਰ ਕਰਨੇ ਪੈਣਗੇ, ਜੋ ਉਸ ਨੇ ਉਨਾਂ ਦੇ ਦੱਸੇ ਖਾਤੇ ਵਿਚ ਟਰਾਂਸਫਰ ਕਰ ਦਿੱਤੇ | ਬਾਅਦ ਵਿਚ ਉਨਾਂ ਨੇ ਅਦਾਲਤ ਦੇ ਫ਼ਰਜ਼ੀ ਜ਼ਮਾਨਤ ਦਸਤਾਵੇਜ਼ ਤੇ ਸੁਪਰੀਮ ਕੋਰਟ ਦੇ ਜਾਲੀ ਕਾਗ਼ਜ਼ਾਤ ਭੇਜ ਕੇ ਉਸ ਕੋਲੋਂ ਵੱਖ-ਵੱਖ ਬੈਂਕ ਖਾਤਿਆਂ ਵਿਚ ਕੁਲ 90 ਲੱਖ ਰੁਪਏ ਟਰਾਂਸਫਰ ਕਰਵਾ ਲਏ | ਜਦੋਂ ਉਨ੍ਹਾਂ ਨੇ ਹੋਰ ਪੈਸੇ ਮੰਗੇ ਤਾਂ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਦੱਸਿਆ ਤਾਂ ਉਸ ਨੂੰ ਇਸ ਧੋਖਾਧੜੀ ਦਾ ਪਤਾ ਲੱਗਿਆ | ਬਠਿੰਡਾ ਸਾਈਬਰ ਪੁਲਿਸ ਨੇ ਪੀੜਤ ਦੀ ਸ਼ਿਕਾਇਤ ਦੇ ਅਧਾਰ 'ਤੇ ਮੁਕੱਦਮਾ ਦਰਜ ਕਰਨ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ¢