ਬਠਿੰਡਾ, 4 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਵਿਜੀਲੈਂਸ ਵਿਭਾਗ ਨੇ ਕਬਾੜ ਦੀ ਗੱਡੀਆਂ 'ਤੇ ਫ਼ਰਜ਼ੀ ਦਸਤਾਵੇਜ਼ ਦੇ ਅਧਾਰ ਤੇ ਆਰਸੀ ਬਣਾਉਣ ਦੇ ਮਾਮਲੇ 'ਚ ਆਰਟੀਏ ਦਫ਼ਤਰ ਦੇ ਜੂਨੀਅਰ ਸਹਾਇਕ ਰਾਜੀਵ ਢੱਡ ਵਾਸੀ ਸ਼ਾਂਤ ਨਗਰ ਅਤੇ ਹਾਈ ਸਿਕਿਉਰਿਟੀ ਰਜਿਸਟ੍ਰੇਸ਼ਨ ਪਲੇਟ ਸੈਂਟਰ ਦੇ ਕਰਮਚਾਰੀ ਗੁਰਲਾਭ ਸਿੰਘ ਵਾਸੀ ਮਚਾਕੀ ਕਲਾਂ ਜ਼ਿਲਾ ਫ਼ਰੀਦਕੋਟ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਕਰੀਬ ਪੰਜ ਮਹੀਨੇ ਚੱਲੀ ਜਾਂਚ ਦੇ ਬਾਅਦ ਦੋਵਾਂ ਨੂੰ ਉਕਤ ਕੇਸ 'ਚ ਨਾਮਜ਼ਦ ਕੀਤਾ ਗਿਆ ਹੈ | ਹੁਣ ਵਿਜੀਲੈਂਸ ਦੀ ਟੀਮ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ | ਦੋਵਾਂ ਤੋਂ ਪੁੱਛਗਿੱਛ ਦੇ ਬਾਅਦ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ | ਵਿਜੀਲੈਂਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ, ਕਿ ਗੁਰਲਾਭ ਸਿੰਘ ਨੇ ਰਾਜੀਵ ਢੱਡ ਦੇ ਨਾਲ ਮਿਲੀਭੁਗਤ ਕਰਕੇ ਫ਼ਰਜ਼ੀ ਤੌਰ 'ਤੇ ਆਰ.ਸੀ ਜਾਰੀ ਕੀਤੀ, ਫਿਰ ਉਨਾਂ ਵਾਹਨਾਂ 'ਤੇ ਹਾਈ ਸਕਿਉਰਿਟੀ ਪਲੇਟ ਵੀ ਲਗਾਈ ਗਈ | ਕਰਮਚਾਰੀ ਢੱਡ ਨੇ ਹੀ ਉਕਤ ਕੇਸ 'ਚ ਪਹਿਲਾਂ ਤੋਂ ਨਾਮਜ਼ਦ ਏਜੰਟਾਂ ਤੋਂ ਪੈਸੇ ਦਾ ਲੈਣ-ਦੇਣ ਕਰਕੇ ਜਾਅਲੀ ਆਰਸੀ ਜਾਰੀ ਕਰਵਾਈ, ਜਾਂਚ ਵਿਚ ਦੋਵਾਂ ਦੇ ਖਿਲਾਫ ਮਾਮਲਾ ਸਾਹਮਣੇ ਆਉਣ ਦੇ ਬਾਅਦ ਹੀ ਵਿਜੀਲੈਂਸ ਨੇ ਉਨ੍ਹਾਂ ਨੂੰ ਨਾਮਜ਼ਦ ਕਰਦੇ ਹੋਏ ਗਿ੍ਫ਼ਤਾਰ ਕੀਤਾ ਗਿਆ ਹੈ | ਦੱਸਣਾ ਬਣਦਾ ਹੈ, ਕਿ 7 ਅਪ੍ਰੈਲ ਨੂੰ ਇਸ ਫਰਜੀਵਾੜੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਬਿਉਰੋ ਦੇ ਡੀ.ਐਸ.ਪੀ. ਕੁਲਵੰਤ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਆਰਟੀਏ ਦਫ਼ਤਰ ਵਿਚ ਸਬੰਧਿਤ ਰਿਕਾਰਡ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ | ਉਸੇ ਦਿਨ ਏਜੰਟ ਨਵੀਨ ਕੁਮਾਰ ਵਾਸੀ ਐਨ.ਐਫ.ਐਲ. ਕਾਲੋਨੀ ਅਤੇ ਇੰਦਰਜੀਤ ਸਿੰਘ ਵਾਸੀ ਧੋਬੀਆਣਾ ਰੋਡ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ | ਫਿਰ ਅਗਲੇ ਦਿਨ ਡੱਬਵਾਲੀ 'ਚ ਛਾਪਾ ਮਾਰਕੇ ਨਾਗਪਾਲ ਬਾਡੀ ਮੇਕਰ ਦੀ ਫਰਮ ਸੰਚਾਲਕ ਨਰੇਸ਼ ਕੁਮਾਰ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਇਸ ਮੌਕੇ ਮੋਡੀਫਾਈ ਕੀਤੀਆਂ ਗਈਆਂ 5 ਗੱਡੀਆਂ ਵੀ ਜ਼ਬਤ ਕੀਤੀਆਂ ਗਈਆਂ ਸਨ | ਸਾਰੀਆਂ ਗੱਡੀਆਂ 'ਤੇ ਬਠਿੰਡਾ ਦੇ ਨੰਬਰ ਲੱਗੇ ਸਨ, ਜਾਂਚ ਵਿਚ ਆਰਟੀਏ ਦਫ਼ਤਰ ਦੇ ਮੁਲਾਜ਼ਮਾਂ ਦੀ ਵੀ ਭੂਮਿਕਾ ਸਾਹਮਣੇ ਆਈ ਸੀ | ਇਸ ਮਾਮਲੇ ਵਿਚ ਵਿਜੀਲੈਂਸ ਵਿਭਾਗ ਦੇ ਡੀ.ਐਸ.ਪੀ. ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਗਿ੍ਫ਼ਤਾਰ ਕੀਤੇ ਗਏ ਆਰਟੀਏ ਦਫ਼ਤਰ ਦੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ |