ਅਮਰਗੜ੍ਹ, 4 ਸਤੰਬਰ (ਜਤਿੰਦਰ ਮੰਨਵੀ) - ਪੰਜਾਬ 'ਚ ਹੜ੍ਹਾਂ ਦੀ ਵਿਨਾਸ਼ਕਾਰੀ ਸਥਿਤੀ ਨੇ 12 ਜ਼ਿਲਿ੍ਹਆਂ ਅਤੇ ਹਜ਼ਾਰ ਤੋਂ ਵੱਧ ਪਿੰਡਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ | ਇਸ ਸੰਕਟਕਾਲੀ ਹਾਲਾਤ ਵਿਚ ਡਰੇਨਾਂ ਦੀ ਸਫ਼ਾਈ ਦਾ ਮੁੱਦਾ ਵਿਵਾਦ ਦਾ ਕੇਂਦਰ ਬਣਿਆ ਹੋਇਆ ਹੈ | ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਡਰੇਨਾਂ ਅਤੇ ਬਰਸਾਤੀ ਨਾਲਿਆਂ ਦੀ ਸਫ਼ਾਈ ਲਈ ਅਤੇ ਹੜ੍ਹਾਂ ਦੀ ਰੋਕਥਾਮ ਲਈ 276 ਕਰੋੜ ਰੁਪਏ ਖ਼ਰਚਣ ਦਾ ਦਾਅਵਾ ਕੀਤਾ ਸੀ,ਪਰ ਅਮਰਗੜ੍ਹ ਹਲਕੇ ਦੀ ਜ਼ਮੀਨੀ ਸਚਾਈ ਇਸ ਦਾਅਵੇ ਨੂੰ ਖੋਖਲਾ ਸਾਬਤ ਕਰਦੀ ਹੈ | ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਵੀ ਸਫ਼ਾਈ ਦੇ ਨਾਂ 'ਤੇ ਹੋਏ ਕਥਿਤ ਘਪਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਸੂਬਾ ਸਰਕਾਰ ਨੂੰ ਘੇਰਿਆ ਹੈ |ਹਲਕਾ ਅਮਰਗੜ੍ਹ ਦੀਆਂ ਮੁੱਖ ਡਰੇਨਾਂ ਲਸਾੜਾ, ਬਹਾਦਰ ਸਿੰਘ ਵਾਲਾ ਅਤੇ ਭਗਵਾਨਪੁਰਾ ਹਨ,ਜੋ ਸੈਂਕੜੇ ਪਿੰਡਾਂ ਨੂੰ ਹੜ੍ਹਾਂ ਅਤੇ ਭਾਰੀ ਮੀਂਹ ਦੇ ਪ੍ਰਕੋਪ ਤੋਂ ਬਚਾਉਣ ਦਾ ਜ਼ਿੰਮਾ ਚੁੱਕਦੀਆਂ ਹਨ, ਪਰ ਇਹ ਜਲ ਬੂਟੀ, ਘਾਹ-ਫੂਸ ਅਤੇ ਕੂੜੇ ਨਾਲ ਭਰੀਆਂ ਪਈਆਂ ਹਨ | ਸਫ਼ਾਈ ਦੀ ਘਾਟ ਨੇ ਇਲਾਕੇ ਦੇ ਕਿਸਾਨਾਂ ਵਿਚ ਭਾਰੀ ਰੋਸ ਪੈਦਾ ਕੀਤਾ ਹੈ, ਜਿਨ੍ਹਾਂ ਦੀਆਂ ਜ਼ਮੀਨਾਂ ਇਨ੍ਹਾਂ ਡਰੇਨਾਂ ਨਾਲ ਲੱਗਦੀਆਂ ਹਨ | ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਜਨਰਲ ਸਕੱਤਰ ਭੁਪਿੰਦਰ ਸਿੰਘ ਨੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਮੰਤਰੀ ਕਰੋੜਾਂ ਰੁਪਏ ਜਾਰੀ ਕਰਨ ਦੀਆਂ ਗੱਲਾਂ ਕਰਦੇ ਹਨ, ਪਰ ਅਮਰਗੜ੍ਹ ਵਿਚ ਸਫ਼ਾਈ ਦਾ ਕੰਮ ਨਾ-ਮਾਤਰ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਡਰੇਨਾਂ ਓਵਰਫ਼ਲੋ ਹੋਈਆਂ ਤਾਂ ਹਜ਼ਾਰਾਂ ਏਕੜ ਫ਼ਸਲਾਂ ਦੀ ਤਬਾਹੀ ਅਟੱਲ ਹੈ | ਸਥਾਨਕ ਕਿਸਾਨਾਂ ਅਤੇ ਲੋਕਾਂ ਨੇ ਫ਼ੰਡਾਂ ਦੇ ਦੁਰਵਰਤੋਂ ਦੀ ਉੱਚ ਪੱਧਰੀ ਜਾਂਚ ਅਤੇ ਜ਼ਿੰਮੇਵਾਰ ਅਧਿਕਾਰੀਆਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਉਧਰ ਡਰੇਨਾਂ ਦੀ ਸਫ਼ਾਈ ਨੂੰ ਲੈ ਕੇ ਵਿਭਾਗ ਦੇ ਅਧਿਕਾਰੀਆਂ ਦਾ ਗੈਰ-ਜ਼ਿੰਮੇਵਾਰਾਨਾ ਰਵੱਈਆ ਦੇਖਣ ਨੂੰ ਮਿਲਿਆ | ਡਰੇਨ ਵਿਭਾਗ ਦੇ ਐਕਸੀਅਨ ਬੂਟਾ ਸਿੰਘ ਸਫ਼ਾਈ ਸਬੰਧੀ ਜ਼ਿੰਮੇਵਾਰੀ ਹੇਠਲੇ ਅਧਿਕਾਰੀਆਂ ਉੱਤੇ ਸੁੱਟ ਰਹੇ ਹਨ | ਐਸ.ਡੀ.ਓ. ਕੁਨਾਲ ਦਾ ਕਹਿਣਾ ਹੈ ਕਿ ਉਸਦੇ ਅਧੀਨ ਸਿਰਫ਼ ਲਸਾੜਾ ਡਰੇਨ ਹੈ, ਜਦਕਿ ਬਾਕੀ ਡਰੇਨਾਂ ਲਈ ਐਸ.ਡੀ.ਓ. ਮੋਹਿਤ ਸੁਖੀਜਾ ਨਾਲ ਸੰਪਰਕ ਕੀਤਾ ਜਾਵੇ | ਮੋਹਿਤ ਸੁਖੀਜਾ ਨੇ ਜਾਣਕਾਰੀ ਦੀ ਜ਼ਿੰਮੇਵਾਰੀ ਜੇ.ਈ. ਮਨਪ੍ਰੀਤ ਨੂੰ ਸੌਂਪ ਦਿੱਤੀ, ਪਰ ਜੇ.ਈ ਸਾਬਹ ਨੇ ਘੱਗਰ 'ਤੇ ਡਿਊਟੀ ਦਾ ਹਵਾਲਾ ਦੇ ਕੇ ਪੱਲਾ ਝਾੜ ਲਿਆ | ਅਧਿਕਾਰੀਆਂ ਦੀ ਇਹ ਟਾਲ-ਮਟੋਲ ਨੇ ਸਥਿਤੀ ਨੂੰ ਹੋਰ ਗੰਭੀਰ ਕਰ ਦਿੱਤਾ ਹੈ |ਜਦੋਂ ਡਿਪਟੀ ਕਮਿਸ਼ਨਰ ਮਲੇਰਕੋਟਲਾ ਐਸ.ਵਿਰਾਜ ਤਿੜਕੇ ਨੂੰ ਡਰੇਨਾਂ ਦੀ ਖਸਤਾ ਹਾਲਤ ਦੀਆਂ ਤਸਵੀਰਾਂ ਦਿਖਾਈਆਂ ਗਈਆਂ, ਉਨ੍ਹਾਂ ਨੇ ਤੁਰੰਤ ਐਕਸੀਅਨ ਬੂਟਾ ਸਿੰਘ ਨੂੰ ਇਸ ਦੀ ਵਿਸਥਾਰਤ ਰਿਪੋਰਟ ਪੇਸ਼ ਕਰਨ ਦੇ ਸਖ਼ਤ ਹੁਕਮ ਜਾਰੀ ਕੀਤੇ ਹਨ |