ਸੰਦੌੜ, 4 ਸਤੰਬਰ (ਚੀਮਾ) -ਬੀਤੇ ਕੱਲ੍ਹ ਦੁਪਹਿਰ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਸੰਦੌੜ ਇਲਾਕੇ ਅੰਦਰ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ | ਮੀਂਹ ਰਾਤ ਤੱਕ ਪੈਂਦਾ ਰਿਹਾ ਅਤੇ ਅੱਜ ਸਵੇਰੇ ਵੇਲੇ ਵੀ ਮੀਂਹ ਜਾਰੀ ਸੀ | ਜ਼ਿਆਦਾ ਮੀਂਹ ਪੈਣ ਕਾਰਣ ਇਲਾਕੇ ਦੇ ਹਰ ਪਿੰਡ ਅੰਦਰ ਨੀਵਿਆਂ ਥਾਵਾਂ ਪਾਣੀ ਨਾਲ ਭਰ ਗਈਆਂ ਹਨ | ਜਿਸ ਕਾਰਣ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ |ਪਿੰਡ ਕੁਠਾਲਾ ਦੇ ਨਜ਼ਦੀਕ ਲੰਘਦੀ ਲਸਾੜਾ ਡਰੇਨ ਅੰਦਰ ਪਾਣੀ ਦਾ ਪੱਧਰ ਵੱਧ ਗਿਆ ਹੈ | ਡਰੇਨ ਦੇ ਆਰਜ਼ੀ ਪੁਲ ਉੱਪਰੋਂ ਦੀ ਪਾਣੀ ਚੱਲ ਰਿਹਾ ਹੈ | ਜਿਸ ਕਾਰਣ ਕਿਸਾਨਾਂ ਅਤੇ ਰਾਹਗੀਰਾਂ ਨੂੰ ਹੋਰ ਰਸਤੇ ਰਾਹੀਂ ਦੀ ਆਪਣੇ ਖੇਤਾਂ ਨੂੰ ਜਾਣਾ ਪੈ ਰਿਹਾ ਹੈ | ਕਿਸਾਨ ਬਲਜਿੰਦਰ ਸਿੰਘ ਚੀਮਾ ਮੁਤਾਬਿਕ ਡਰੇਨ ਦਾ ਪਾਣੀ ਓਵਰਫ਼ਲੋ ਹੋਣ ਕਾਰਣ ਕਿਸਾਨਾਂ ਦੇ ਖੇਤਾਂ ਤੱਕ ਪਹੁੰਚ ਗਿਆ ਹੈ | ਕਿਸਾਨਾਂ ਅਨੁਸਾਰ ਜੇਕਰ ਇੱਕ ਦੋ ਦਿਨ ਹੋਰ ਮੀਂਹ ਪਿਆ ਤਾਂ ਡਰੇਨ ਦਾ ਪਾਣੀ ਖ਼ਤਰਨਾਕ ਰੂਪ ਲੈ ਸਕਦਾ ਹੈ | ਨੇੜਲੇ ਪਿੰਡ ਮਹੋਲੀ ਖ਼ੁਰਦ ਵਿਖੇ ਇਕ ਕਿਸਾਨ ਗੁਰਪ੍ਰੀਤ ਸਿੰਘ ਦੇ ਘਰ ਦੀ ਛੱਤ ਮੀਂਹ ਦੇ ਕਾਰਣ ਡਿਗ ਪਈ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਹੁਸ਼ਿਆਰ ਸਿੰਘ ਮਹੋਲੀ ਨੇ ਦੱਸਿਆ ਕਿ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਦੇ ਘਰ ਦੀ ਛੱਤ ਡਿਗ ਪਈ ਹਾਲਾਂਕਿ ਇਸ ਦੌਰਾਨ ਛੱਤ ਦੇ ਥੱਲੇ ਕੋਈ ਵੀ ਨਹੀਂ ਸੀ ਜਿਸ ਕਾਰਣ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਮੀਂਹ ਦੇ ਕਾਰਣ ਪਿੰਡਾਂ ਦੀਆਂ ਸੜਕਾਂ ਅਤੇ ਗਲੀਆਂ ਪਾਣੀ ਨਾਲ ਨੱਕੋਂ ਨੱਕ ਭਰੀਆਂ ਪਈਆਂ ਹਨ | ਪਿੰਡਾਂ ਦੇ ਟੋਭੇ ਓਵਰਫ਼ਲੋ ਚੱਲ ਰਹੇ ਹਨ | ਟੋਭਿਆਂ ਦਾ ਪਾਣੀ ਸੜਕਾਂ ਉੱਪਰ ਤੋਂ ਦੀ ਚੱਲ ਰਿਹਾ ਹੈ | ਹਰੇ ਚਾਰੇ ਅਤੇ ਸਬਜ਼ੀਆਂ ਨੂੰ ਭਾਰੀ ਮੀਂਹ ਨਾਲ ਕਾਫ਼ੀ ਨੁਕਸਾਨ ਹੋਇਆ ਹੈ | ਹਰੇ ਚਾਰੇ ਦੀ ਫ਼ਸਲ ਕਈ ਥਾਵਾਂ ਤੇ ਪਾਣੀ ਵਿਚ ਡੁੱਬ ਗਈ ਹੈ | ਲੋਕਾਂ ਦਾ ਕਹਿਣਾ ਹੈ ਕਿ ਕਈ ਸਾਲਾਂ ਬਾਅਦ ਇਨ੍ਹਾਂ ਲੰਮਾ ਸਮਾਂ ਮੀਂਹ ਪਿਆ ਹੈ | ਘਰਾਂ ਦੀਆਂ ਕੱਚੀਆਂ ਛੱਤਾਂ ਵਿਚੋਂ ਦੀ ਪਾਣੀ ਟਪਕ ਰਿਹਾ ਹੈ |