ਅਮਰਗੜ੍ਹ, 5 ਸਤੰਬਰ (ਮੰਨਵੀ, ਪਵਿੱਤਰ ਸਿੰਘ) - ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤਬਾਹੀ ਮਚਾ ਰਹੇ ਭਾਰੀ ਮੀਂਹ ਤੇ ਤੇਜ਼ ਹਨ੍ਹੇਰੀ ਨੇ ਅਮਰਗੜ੍ਹ ਇਲਾਕੇ 'ਚ ਜਿੱਥੇ ਕਿੰਨੇ ਹੀ ਗ਼ਰੀਬਾਂ ਤੋਂ ਉਨ੍ਹਾਂ ਦੇ ਆਸ਼ਿਆਨੇ ਖੋਹ ਲਏ, ਫ਼ਸਲਾਂ ਦਾ ਨੁਕਸਾਨ ਕੀਤਾ ਉੱਥੇ ਹੀ ਕਰੋਪੀ ਬਣ ਕੇ ਆਈ ਕੁਦਰਤ ਨੇ ਵੱਡੇ-ਵੱਡੇ ਦਰਖਤਾਂ ਨੂੰ ਜੜ੍ਹਾਂ ਤੋਂ ਪੁੱਟ ਸੁੱਟਿਆ | ਲੰਘੀ ਰਾਤ ਮਾਲੇਰਕੋਟਲਾ-ਅਮਰਗੜ੍ਹ ਮੁੱਖ ਹਾਈਵੇ 'ਤੇ ਇੱਕ ਵਿਸ਼ਾਲ ਦਰਖ਼ਤ ਹਨੇਰੀ ਦੇ ਤੂਫ਼ਾਨ ਨਾਲ ਡਿਗ ਪਿਆ ਜਿਸ ਨਾਲ ਸੜਕ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ | ਅਚਾਨਕ ਡਿੱਗੇ ਦਰਖ਼ਤ ਨੇ ਹਾਈਵੇ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲਗਾ ਦਿੱਤੀਆਂ | ਲੋਕਾਂ ਨੂੰ ਸੜਕ ਪਾਰ ਕਰਨ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਹੈਰਾਨੀ ਦੀ ਗੱਲ ਹੈ ਕਿ ਸਵੇਰ ਤੱਕ ਵੀ ਦਰਖ਼ਤ ਨੂੰ ਸੜਕ ਤੋਂ ਨਹੀਂ ਹਟਾਇਆ ਗਿਆ, ਜਿਸ ਨਾਲ ਰਾਹਗੀਰਾਂ ਦੀ ਪਰੇਸ਼ਾਨੀ ਹੋਰ ਵਧ ਗਈ | ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਕਾਰਵਾਈ ਕਰਕੇ ਹਾਈਵੇ ਤੋਂ ਦਰਖ਼ਤ ਨੂੰ ਹਟਾਇਆ ਜਾਵੇ ਤਾਂ ਜੋ ਆਵਾਜਾਈ ਸੁਚਾਰੂ ਤਰੀਕੇ ਨਾਲ ਚੱਲ ਸਕੇ |