ਸੰਗਰੂਰ, 5 ਸਤੰਬਰ (ਅਮਨਦੀਪ ਸਿੰਘ ਬਿੱਟਾ) - ਫਾਇਰ ਅਫ਼ਸਰ ਵਲੋਂ ਫਾਇਰ ਬਿ੍ਗੇਡ ਮਹਿਕਮੇ ਵਿਚ ਨੌਕਰੀ ਲਗਾਉਣ ਦਾ ਝਾਂਸਾ ਦੇ ਕੇ 1 ਲੱਖ ਰੁਪਏ ਠੱਗਣ ਦੇ ਨਾਲ-ਨਾਲ ਇੱਕ ਗੱਡੀ ਦੀ ਖ਼ਰੀਦ ਫ਼ਰੋਖ਼ਤ ਵਿਚ ਸ਼ਿਕਾਇਤਕਰਤਾ ਨੂੰ ਝਾਂਸਾ ਦੇਣ ਦੇ ਮਾਮਲੇ ਵਿਚ ਥਾਣਾ ਸਿਟੀ ਸੰਗਰੂਰ ਵਿਚ ਉਪਰੋਕਤ ਫਾਇਰ ਅਫ਼ਸਰ ਖ਼ਿਲਾਫ਼ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ | ਐਸ.ਐੱਚ.ਓ. ਸਿਟੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਮੁਕੱਦਮਾ ਜੀਵਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਸੰਗਰੂਰ ਵਲੋਂ ਨਰਿੰਦਰ ਸਿੰਘ ਰਾਣਾ ਫਾਇਰ ਅਫ਼ਸਰ ਵਾਸੀ ਵਾਰਡ ਨੰਬਰ 6 ਅਮਲੋਹ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਖ਼ਿਲਾਫ਼ ਦਰਜ ਕਰਵਾਇਆ ਗਿਆ ਹੈ | ਜ਼ਿਲ੍ਹਾ ਪੁਲਿਸ ਮੁਖੀ ਵਲੋਂ ਕਰਵਾਈ ਜਾਂਚ ਉਪਰੰਤ ਦਰਜ ਕੀਤੇ ਇਸ ਮਾਮਲੇ ਅਨੁਸਾਰ ਜੀਵਨ ਸਿੰਘ ਦੇ ਲੜਕੇ ਮਨਪ੍ਰੀਤ ਸਿੰਘ ਨੂੰ ਫਾਇਰ ਬਿ੍ਗੇਡ ਮਹਿਕਮੇ ਵਿਚ ਭਰਤੀ ਕਰਵਾਉਣ ਦੇ ਨਾਮ ਉੱਤੇ 1 ਲੱਖ ਰੁਪਏ ਦੀ ਠੱਗੀ ਮਾਰਨ ਅਤੇ ਸ਼ਿਕਾਇਤਕਰਤਾ ਦੀ ਗੱਡੀ ਐਕਸ.ਯੂ.ਵੀ 500 ਦੀ ਕਿਸ਼ਤਾਂ ਨਾ ਭਰਨ ਸਬੰਧੀ ਦਰਜ ਹੋਇਆ ਹੈ | ਪੁਲਿਸ ਅਨੁਸਾਰ ਭਾਰਤੀ ਫ਼ੌਜ ਵਿਚ ਸੇਵਾ ਮੁਕਤ ਸੂਬੇਦਾਰ ਜੀਵਨ ਸਿੰਘ ਬਿਰਧ ਵਿਅਕਤੀ ਹੈ ਅਤੇ ਉਨ੍ਹਾਂ ਦਾ ਛੋਟਾ ਲੜਕਾ ਮਨਪ੍ਰੀਤ ਸਿੰਘ ਬੇਰੁਜ਼ਗਾਰ ਹੈ | ਜਨਵਰੀ 2025 ਦੌਰਾਨ ਜੀਵਨ ਸਿੰਘ ਕੰਮਕਾਜ ਲਈ ਸਟੇਟ ਬੈਂਕ ਆਫ਼ ਇੰਡੀਆ ਗਿਆ ਸੀ ਜਿੱਥੇ ਬਬਲਜੀਤ ਸਿੰਘ ਜੋ ਫਾਇਰ ਬਿ੍ਗੇਡ ਦਫ਼ਤਰ ਵਿਖੇ ਨੌਕਰੀ ਕਰਦਾ ਹੈ, ਨਾਲ ਜੀਵਨ ਸਿੰਘ ਦੀ ਆਪਣੇ ਲੜਕੇ ਮਨਪ੍ਰੀਤ ਸਿੰਘ ਨੂੰ ਫਾਇਰ ਬਿ੍ਗੇਡ ਵਿਚ ਨੌਕਰੀ ਲਗਵਾਉਣ ਸਬੰਧੀ ਗੱਲਬਾਤ ਹੋਈ | ਬਬਲਜੀਤ ਸਿੰਘ ਨੇ ਦੱਸਿਆ ਕਿ ਨਵੇਂ ਫਾਇਰ ਅਫ਼ਸਰ ਨਰਿੰਦਰ ਸਿੰਘ ਰਾਣਾ ਲੱਗੇ ਹਨ | ਉਹ ਜੀਵਨ ਸਿੰਘ ਨੂੰ ਫਾਇਰ ਅਫ਼ਸਰ ਰਾਣਾ ਨੂੰ ਮਿਲਾ ਸਕਦਾ ਹੈ | ਜੀਵਨ ਸਿੰਘ ਅਨੁਸਾਰ ਨਰਿੰਦਰ ਸਿੰਘ ਰਾਣਾ ਨੇ ਮਨਪ੍ਰੀਤ ਸਿੰਘ ਨੂੰ ਪਹਿਲਾ ਠੇਕੇਦਾਰੀ ਉੱਤੇ ਨੌਕਰੀ ਦਿਵਾਉਣ ਅਤੇ ਫਿਰ ਹੌਲੀ ਹੌਲੀ ਪੱਕਾ ਕਰਨ ਦਾ ਯਕੀਨ ਦਿਵਾਇਆ ਜਿਸ ਬਦਲੇ ਸ਼ਿਕਾਇਤਕਰਤਾ ਤੋਂ ਦੋ ਲੱਖ ਰੁਪਏ ਦੀ ਮੰਗ ਕੀਤੀ ਗਈ | ਜੀਵਨ ਸਿੰਘ ਨੇ 1 ਲੱਖ ਰੁਪਏ ਪਹਿਲਾਂ ਅਤੇ 1 ਲੱਖ ਰੁਪਏ ਨੌਕਰੀ ਲੱਗਣ ਤੋਂ ਬਾਅਦ ਨਰਿੰਦਰ ਸਿੰਘ ਨੂੰ ਦੇਣੇ ਸਨ | ਜਨਵਰੀ 2025 ਵਿਚ ਸ਼ਿਕਾਇਤਕਰਤਾ ਨੇ ਨਰਿੰਦਰ ਸਿੰਘ ਰਾਣਾ ਨੂੰ 1 ਲੱਖ ਰੁਪਏ ਦੇ ਦਿੱਤੇ ਪਰ ਬਾਕੀ ਦੀ ਰਕਮ ਦਾ ਇੰਤਜ਼ਾਮ ਨਾ ਹੋਣ ਕਾਰਨ ਉਸ ਨੇ ਆਪਣੀ ਗੱਡੀ ਐਕਸ.ਯੂ.ਵੀ 500 ਵੇਚਣ ਸਬੰਧੀ ਨਰਿੰਦਰ ਸਿੰਘ ਨੂੰ ਦੱਸਿਆ ਗਿਆ | ਫਰਵਰੀ 2025 ਵਿਚ ਨਰਿੰਦਰ ਸਿੰਘ ਨੇ ਗੱਡੀ ਖ਼ਰੀਦ ਲਈ ਉਪਰੋਕਤ ਗੱਡੀ ਦਾ ਲੋਨ ਜੋ ਜੀਵਨ ਸਿੰਘ ਦੇ ਨਾਮ ਚੱਲਦਾ ਸੀ, ਦੀਆਂ 34 ਪੈਡਿੰਗ ਕਿਸ਼ਤਾਂ ਨਰਿੰਦਰ ਸਿੰਘ ਰਾਣਾ ਨੇ ਸਮੇਂ ਸਿਰ ਭਰਨੀਆਂ ਸਨ | ਇਸ ਤੋਂ ਇਲਾਵਾ 1 ਲੱਖ ਰੁਪਏ ਨਰਿੰਦਰ ਸਿੰਘ ਰਾਣਾ ਨੇ ਜੀਵਨ ਸਿੰਘ ਨੂੰ ਦੇਣੇ ਸਨ | ਉਸ ਰਕਮ ਵਿਚੋਂ 35,000/- ਰੁਪਏ ਜੀਵਨ ਸਿੰਘ ਨੂੰ ਨਗਦ ਦੇ ਦਿੱਤੇ ਗਏ ਬਾਕੀ 65,000/- ਰੁਪਏ ਦਾ ਚੈੱਕ ਰਾਣਾ ਨੇ ਦੇ ਦਿੱਤਾ ਜੋ ਕਲੀਅਰ ਨਹੀਂ ਹੋ ਸਕਿਆ | ਜਦ ਜੀਵਨ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਰਖਾਸਤ ਦਿੱਤੀ ਤਾਂ 27 ਜੂਨ 2025 ਨੂੰ ਦੋਵਾਂ ਧਿਰਾਂ ਵਿਚਕਾਰ ਰਾਜ਼ੀਨਾਮਾ ਹੋਇਆ ਪਰ ਰਾਜ਼ੀਨਾਮੇ ਮੁਤਾਬਕ ਗੱਡੀ ਵਾਪਸ ਨਹੀ ਕੀਤੀ ਗਈ | ਪੁਲਿਸ ਅਧਿਕਾਰੀ ਵਲੋਂ ਕੀਤੀ ਜਾਂਚ ਮੁਤਾਬਕ ਜੀਵਨ ਸਿੰਘ ਵਲੋਂ ਪੇਸ਼ ਕੀਤੀ ਗਈ ਆਡਿਉ ਪੈੱਨ ਡਰਾਈਵ ਜਿਸ ਵਿਚ ਨਰਿੰਦਰ ਸਿੰਘ ਨੇ ਉਸ ਦੇ ਲੜਕੇ ਨੂੰ ਫਾਇਰ ਬਿ੍ਗੇਡ ਵਿਚ ਭਰਤੀ ਕਰਵਾਉਣ ਬਦਲੇ 1 ਲੱਖ ਰੁਪਏ ਐਡਵਾਂਸ, 65,000/- ਦੀ ਗੱਡੀ ਵਾਲੀ ਰਕਮ ਜੋ ਐਡਵਾਂਸ ਦੇਣ ਸੀ ਅਤੇ 21,000/- ਰੁਪਏ ਬਬਲਜੀਤ ਸਿੰਘ ਮੁਲਾਜ਼ਮ ਫਾਇਰ ਬਿ੍ਗੇਡ ਰਾਹੀ ਲੈਣ ਪਾਏ ਗਏ ਹਨ | ਇਸ ਤਰ੍ਹਾਂ ਨਰਿੰਦਰ ਸਿੰਘ ਨੇ ਕੁਲ 1,86,000/- ਰੁਪਏ ਦੀ ਠੱਗੀ ਜੀਵਨ ਸਿੰਘ ਨਾਲ ਮਾਰੀ ਗਈ ਹੈ | ਇਸ ਉਪਰੰਤ ਡੀ.ਏ ਲੀਗਲ ਦੀ ਰਿਪੋਰਟ ਬਾਅਦ ਨਰਿੰਦਰ ਸਿੰਘ ਰਾਣਾ ਫਾਇਰ ਅਫ਼ਸਰ ਖ਼ਿਲਾਫ਼ ਮਾਮਲਾ ਥਾਣਾ ਸਿਟੀ ਵਿਖੇ ਦਰਜ ਕਰ ਲਿਆ ਗਿਆ ਹੈ |