ਮਲੇਰਕੋਟਲਾ, 5 ਸਤੰਬਰ (ਮਨਜਿੰਦਰ ਸਿੰਘ ਸਰੌਦ) - ਜ਼ਿਲ੍ਹਾ ਮਲੇਰਕੋਟਲਾ ਨੂੰ ਹੋਂਦ ਵਿਚ ਆਇਆ ਭਾਵੇਂ ਅੱਧਾ ਦਹਾਕਾ ਬੀਤ ਚੱਲਿਐ ਪਰ ਅਜੇ ਤੱਕ ਕਈ ਵਿਭਾਗਾਂ ਨੂੰ ਆਪਣੇ ਦਫ਼ਤਰ ਤੱਕ ਨਸੀਬ ਨਹੀਂ ਹੋਏ | ਕਈ ਵਿਭਾਗ ਕਿਰਾਏ ਦੀਆਂ ਇਮਾਰਤਾਂ ਵਿਚ ਦਿਨ-ਕਟੀ ਕਰ ਰਹੇ ਹਨ | ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਅਤੇ ਦਰਿਆਵਾਂ ਦੇ ਪਾਣੀ ਨੇ ਪੰਜਾਬ ਦੇ ਬਹੁਤੇ ਜ਼ਿਲਿਆਂ ਵਿਚ ਭਾਰੀ ਤਬਾਹੀ ਮਚਾਈ ਹੋਈ ਹੈ ਅਤੇ ਕਈ ਜ਼ਿਲੇ੍ਹ ਤਬਾਹਕੁਨ ਹੜ੍ਹਾਂ ਦੀ ਮਾਰ ਹੇਠ ਹਨ | ਇਨ੍ਹਾਂ ਹੜ੍ਹਾਂ ਨੇ ਇੱਕ ਤਰ੍ਹਾਂ ਨਾਲ ਮਨੁੱਖੀ ਜ਼ਿੰਦਗੀ ਨੂੰ ਲੀਹ ਤੋਂ ਲਾਹ ਦਿੱਤਾ ਹੈ | ਦੂਜੇ ਪਾਸੇ ਸਾਰੇ ਸਰਕਾਰੀ ਅਦਾਰਿਆਂ ਦੇ ਅਧਿਕਾਰੀਆਂ, ਮੁਲਾਜ਼ਮਾਂ ਨੂੰ ਸੂਬਾ ਸਰਕਾਰ ਵਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਆਪੋ-ਆਪਣੇ ਹੈੱਡਕੁਆਟਰ ਛੱਡ ਕੇ ਕਿਧਰੇ ਨਹੀਂ ਜਾਣਗੇ | ਸਭ ਦੀਆਂ ਛੁੱਟੀਆਂ ਵੀ ਤਕਰੀਬਨ ਬੰਦ ਕਰ ਦਿੱਤੀਆਂ ਗਈਆਂ ਹਨ ਤਾਂ ਕਿ ਪੰਜਾਬ 'ਤੇ ਪਈ ਇਸ ਆਫ਼ਤ ਵਿਚ ਹਰੇਕ ਵਿਅਕਤੀ ਮਦਦ ਕਰਨ ਲਈ ਤਿਆਰ ਰਹੇ | ਪ੍ਰੰਤੂ ਕਈ ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਕਾਰਨ ਜ਼ਿਲ੍ਹਾ ਮਲੇਰਕੋਟਲਾ ਦੇ ਕਈ ਸਰਕਾਰੀ ਦਫ਼ਤਰਾਂ ਦੀਆਂ ਇਮਾਰਤਾਂ ਦੀ ਹਾਲਤ ਬੇਹੱਦ ਤਰਸਯੋਗ ਬਣ ਚੁੱਕੀ ਹੈ | ਹੁਣ ਸਵਾਲ ਇਹ ਹੈ ਕਿ ਇਨ੍ਹਾਂ ਇਮਾਰਤਾਂ ਵਿਚ ਸਰਕਾਰੀ ਅਫ਼ਸਰ ਜਾਂ ਮੁਲਾਜ਼ਮ ਕਿਵੇਂ ਕੰਮ ਕਰਨਗੇ | ਇਨ੍ਹਾਂ ਵਿਚੋਂ ਕਈ ਇਮਾਰਤਾਂ ਬਹੁਤ ਅਣਸੁਰੱਖਿਅਤ ਵੀ ਹਨ | ਜਦੋਂ ਮਲੇਰਕੋਟਲਾ ਦੇ ਸਰਕਾਰੀ ਦਫ਼ਤਰਾਂ ਵਿਚ ਜਾ ਕੇ ਵੇਖਿਆ ਗਿਆ ਤਾਂ ਕੁੱਝ ਮੁਲਾਜ਼ਮ ਦਫ਼ਤਰੀ ਕਮਰਿਆਂ ਦੀਆਂ ਛੱਤਾਂ ਦੇ ਬੁਰੀ ਤਰ੍ਹਾਂ ਚੋਣ ਕਾਰਨ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹੋਏ ਵੀ ਸੇਵਾਵਾਂ ਦੇ ਰਹੇ ਸਨ | ਜ਼ਿਲ੍ਹਾ ਉਦਯੋਗ ਕੇਂਦਰ ਦਫ਼ਤਰ ਮਲੇਰਕੋਟਲਾ ਜੋ ਕਿ ਹੁਣ ਆਈ.ਟੀ.ਆਈ ਨਾਭਾ ਰੋਡ ਬੀੜ ਅਹਿਮਦਾਬਾਦ ਵਿਖੇ ਪਹਿਲੀ ਮੰਜ਼ਿਲ 'ਤੇ ਹੈ | ਇਸ ਦਫ਼ਤਰ ਦੇ ਹਾਲਾਤ ਬੇਹੱਦ ਤਰਸਯੋਗ ਬਣ ਚੁੱਕੇ ਹਨ | ਵੇਖਣ ਵਿਚ ਆਇਆ ਕਿ ਤਕਰੀਬਨ ਸਾਰੇ ਕਮਰਿਆਂ ਦੀਆਂ ਛੱਤਾਂ ਚੋਣ ਕਾਰਨ ਫ਼ਰਸ਼ 'ਤੇ ਪਾਣੀ ਭਰ ਗਿਆ ਪਰ ਫਿਰ ਵੀ ਕੁੱਝ ਅਧਿਕਾਰੀ, ਕਰਮਚਾਰੀ ਦਫ਼ਤਰੀ ਕੰਮ ਕਰਦੇ ਵਿਖਾਈ ਦਿੱਤੇ | ਉੱਥੇ ਹਾਜ਼ਰ ਇੰਜ. ਹਰਮਿੰਦਰ ਪਾਲ ਸਿੰਘ ਸਹਾਰਨਮਾਜਰਾ ਜ਼ਿਲ੍ਹਾ ਫੰਕਸ਼ਨਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਮਲੇਰਕੋਟਲਾ ਨੇ ਗੱਲਬਾਤ ਦੌਰਾਨ ਕਿਹਾ ਕਿ ਇਹ ਕੁਦਰਤੀ ਆਫ਼ਤ ਹੈ ਅਸੀਂ ਪੰਜਾਬ ਦੇ ਹਰ ਵਰਗ ਨਾਲ ਖੜ੍ਹੇ ਹਾਂ ਅਤੇ ਜੋ ਵੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਲੋਂ ਹੁਕਮ ਹੋਣਗੇ, ਉਨ੍ਹਾਂ ਦੇ ਹਰ ਸਮੇਂ ਪਾਬੰਦ ਰਹਾਂਗੇ | ਇਸੇ ਤਰ੍ਹਾਂ ਹੋਰ ਵੀ ਕਈ ਸਰਕਾਰੀ ਅਦਾਰਿਆਂ ਦੇ ਮੰਦੜੇ ਹਾਲ ਦੀਆਂ ਖ਼ਬਰਾਂ ਹਨ | ਸੋਚਣਾ ਤਾਂ ਬਣਦੇ ਕਿ ਆਖ਼ਰ ਅਧਿਕਾਰੀ ਅਤੇ ਕਰਮਚਾਰੀ ਕਿੰਨਾ ਕੂ ਚਿਰ ਅਣਸੁਰੱਖਿਅਤ ਇਮਾਰਤਾਂ ਦੇ ਵਿਚ ਕੰਮ ਕਰਨਗੇ | ਸਰਕਾਰਾਂ ਨੂੰ ਇਸ ਪਾਸੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ |