ਅਮਰਗੜ੍ਹ, 24 ਸਤੰਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਸਬ ਡਿਵੀਜ਼ਨਲ ਕੰਪਲੈਕਸ ਅਮਰਗੜ੍ਹ ਵਿਖੇ ਐਸ ਡੀ ਐਮ ਮੈਡਮ ਸੁਰਿੰਦਰ ਕੌਰ ਵੱਲੋਂ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਨੰਬਰਦਾਰਾ ਯੂਨੀਅਨ ਅਮਰਗੜ੍ਹ ਨਾਲ ਇੱਕ ਮੀਟਿੰਗ ਕੀਤੀ ਗਈ | ਨੰਬਰਦਾਰਾਂ ਨੂੰ ਸੰਬੋਧਨ ਕਰਦਿਆਂ ਐਸ ਡੀ ਐਮ ਮੈਡਮ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਦੀਆਂ ਗੰਢਾਂ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਇਹਨਾਂ ਮਸ਼ੀਨਾਂ ਨੂੰ ਮੰਗਵਾਉਣ ਲਈ ਫ਼ੋਨ ਨੰਬਰ ਜਲਦੀ ਜਨਤਕ ਕੀਤੇ ਜਾਣਗੇ ਤਾਂ ਜੋ ਕਿਸਾਨ ਭਰਾ ਇਨ੍ਹਾਂ ਮਸ਼ੀਨਾਂ ਨੂੰ ਮੰਗਵਾ ਕੇ ਝੋਨੇ ਦੀ ਰਹਿੰਦ ਖੰੂਹਦ ਨੂੰ ਸੰਭਾਲ ਸਕਣ | ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ | ਪੰਜਾਬ ਨੰਬਰਦਾਰਾਂ ਯੂਨੀਅਨ ਅਮਰਗੜ੍ਹ ਦੇ ਪ੍ਰਧਾਨ ਮਲਕੀਤ ਸਿੰਘ ਸਲੇਮਪੁਰ ਨੇ ਸਮੁੱਚੀ ਯੂਨੀਅਨ ਵੱਲੋਂ ਐਸ ਡੀ ਐਮ ਮੈਡਮ ਨੂੰ ਭਰੋਸਾ ਦਵਾਇਆ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਪੂਰਨ ਤੌਰ ਤੇ ਸਹਿਯੋਗ ਕਰਨਗੇ | ਪ੍ਰਧਾਨ ਸਲੇਮਪੁਰ ਨੇ ਨੰਬਰਦਾਰਾਂ ਦੀਆਂ ਮੰਗਾਂ ਸਬੰਧੀ ਵੀ ਐਸ ਡੀ ਐਮ ਮੈਡਮ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਵਲੋਂ ਨੰਬਰਦਾਰਾਂ ਯੂਨੀਅਨ ਨੂੰ ਉਨ੍ਹਾਂ ਦੀਆਂ ਮੰਗਾਂ ਮੰਨਣ ਸਬੰਧੀ ਭਰੋਸਾ ਦਿੱਤਾ ਗਿਆ | ਇਸ ਮੌਕੇ ਭਰਪੂਰ ਸਿੰਘ ਅਲੀਪੁਰ ਤਹਿਸੀਲ ਖ਼ਜ਼ਾਨਚੀ, ਹਰਜਿੰਦਰ ਸਿੰਘ ਚੌਂਦਾ ਜਨਰਲ ਸਕੱਤਰ, ਪਰਮਜੀਤ ਸਿੰਘ ਅਮਰਗੜ੍ਹ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਸੁਰਿੰਦਰ ਸਿੰਘ ਸਲੇਮਪੁਰ, ਜਗਦੀਸ਼ ਸਿੰਘ ਭੱਟੀਆਂ ਤਹਿਸੀਲ ਜਨਰਲ ਸਕੱਤਰ, ਬਲਜਿੰਦਰ ਸਿੰਘ ਹੁਸੈਨਪੁਰਾ, ਮੱਘਰ ਸਿੰਘ ਭੜੀ ਮਾਨਸਾ, ਹਰਬੰਸ ਸਿੰਘ ਤੋਲੇਵਾਲ, ਮੁਹੰਮਦ ਜਮੀਲ ਮੁਹੰਮਦਪੁਰਾ, ਹਰਮੇਲ ਸਿੰਘ ਅਲੀਪੁਰ ਆਦਿ ਹਾਜ਼ਰ ਸਨ |