ਸੰਗਰੂਰ, 24 ਸਤੰਬਰ (ਧੀਰਜ ਪਸ਼ੌਰੀਆ) - ਪੰਜਾਬ ਦੇ ਮਾਲਵਾ ਖੇਤਰ ਨੂੰ ਰੇਲ ਰਾਹੀਂ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨਾਲ ਜੋੜਨ ਅਤੇ ਨਾਲ ਹੀ ਸੂਬੇ ਨੂੰ ਮਿਲੀ ਵੰਦੇ ਭਾਰਤ ਟਰੇਨ ਜੋ ਫ਼ਿਰੋਜ਼ਪੁਰ ਤੋਂ ਚੱਲ ਕੇ ਜ਼ਿਲ੍ਹਾ ਸੰਗਰੂਰ ਦੇ ਧੂਰੀ ਸਟੇਸ਼ਨ ਵਿਚੋਂ ਦੀ ਹੁੰਦੀ ਹੋਈ ਦਿੱਲੀ ਪਹੁੰਚੇਗੀ, ਨੂੰ ਲੈ ਕੇ ਮਾਲਵਾ ਖੇਤਰ ਵਿਚ ਖ਼ੁਸ਼ੀ ਦੀ ਲਹਿਰ ਹੈ | ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਰੇਲਵੇ ਬੋਰਡ ਮੈਂਬਰ ਸਰਜੀਵਨ ਜਿੰਦਲ ਨੇ ਕਿਹਾ ਕਿ ਮਾਲਵਾ ਖੇਤਰ ਨੂੰ ਰਾਜਧਾਨੀ ਚੰਡੀਗੜ੍ਹ ਨਾਲ ਜੋੜਨ ਲਈ ਮੰਗ ਪੱਤਰ 2021 ਵਿਚ ਬਤੌਰ ਰੇਲਵੇ ਬੋਰਡ ਮੈਂਬਰ ਉਸ ਸਮੇਂ ਦੇ ਰੇਲਵੇ ਮੰਤਰੀ ਨੂੰ ਭੇਜਿਆ ਗਿਆ ਸੀ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਰਾਜਪੁਰਾ-ਮੋਹਾਲੀ ਰੇਲਵੇ ਲਾਇਨ ਨੂੰ ਪ੍ਰਵਾਨਗੀ ਦੇਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ, ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸ਼੍ਰੀ ਜਿੰਦਲ ਨੇ ਦੱਸਿਆ ਕਿ ਇਹ ਪੂਰੇ ਰੇਲਵੇ ਟਰੈਕ ਦਾ ਕੰਮ ਪੂਰਾ ਕਰਨ ਲਈ 443 ਕਰੋੜ ਰੁਪਏ ਖ਼ਰਚ ਆਵੇਗਾ | ਸਾਰੇ ਦਾ ਸਾਰਾ ਖਰਚਾ ਕੇਂਦਰ ਸਰਕਾਰ ਕਰੇਗੀ | ਇਸ ਦੇ ਨਾਲ ਹੀ ਫ਼ਿਰੋਜ਼ਪੁਰ ਤੋਂ ਦਿੱਲੀ ਲਈ ਬਠਿੰਡਾ, ਬਰਨਾਲਾ, ਧੂਰੀ, ਪਟਿਆਲਾ ਅਤੇ ਅੰਬਾਲਾ ਦੇ ਰਸਤੇ ਬੰਦੇ ਭਾਰਤ ਟਰੇਨ ਦੇ ਐਲਾਨ ਨਾਲ ਪੰਜਾਬੀਆਂ ਵਿਚ ਹੀ ਖ਼ੁਸ਼ੀ ਦੀ ਲਹਿਰ ਹੈ |