ਅਹਿਮਦਗੜ੍ਹ, 25 ਸਤੰਬਰ (ਸੁਖਜੀਤ ਸਿੰਘ ਖੇੜਾ) - ਅੱਜ ਸੀ.ਐੱਚ.ਸੀ. ਅਹਿਮਦਗੜ੍ਹ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਗਿਆ | ਇਸ ਮੌਕੇ ਤੇ ਐਸ.ਐਮ.ਓ. ਡਾ. ਜੋਤੀ ਕਪੂਰ, ਡਾ. ਅਨਮਦੀਪ ਸਿੰਘ, ਡਾ. ਗੁਰਵਿੰਦਰ ਸਿੰਘ, ਲਵਜੋਤ ਸਿੰਘ ਗਰੇਵਾਲ ਫਾਰਮੇਸੀ ਅਫ਼ਸਰ, ਅਮਨਦੀਪ ਕੌਰ ਫਾਰਮੇਸੀ ਅਫ਼ਸਰ ਅਤੇ ਸਮੂਹ ਸਟਾਫ਼ ਹਾਜ਼ਰ ਸਨ | ਇਸ ਮੌਕੇ 'ਤੇ ਸੀ.ਐੱਚ.ਸੀ. ਅਹਿਮਦਗੜ੍ਹ ਦੇ ਫਾਰਮੇਸੀ ਅਫ਼ਸਰ ਲਵਜੋਤ ਸਿੰਘ ਗਰੇਵਾਲ ਨੇ ਮੌਜੂਦਾ ਸਿਹਤ ਢਾਂਚੇ ਵਿਚ ਫਾਰਮੇਸੀ ਅਫ਼ਸਰ ਦੀ ਅਹਿਮੀਅਤ 'ਤੇ ਵਿਸਥਾਰ ਨਾਲ ਚਾਨਣ ਪਾਇਆ ਅਤੇ ਫਾਰਮੇਸੀ ਅਫ਼ਸਰਾਂ ਨੂੰ ਡਿਊਟੀ ਵਿਚ ਆ ਰਹੀਆਂ ਚੁਨੌਤੀਆਂ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾਂ ਨੇ ਦੱਸਿਆ ਕਿ ਹਰ ਸਾਲ 25 ਸਤੰਬਰ ਨੂੰ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਜਾਂਦਾ ਹੈ | ਫਾਰਮਾਸਿਸਟ ਸਿਰਫ਼ ਦਵਾਈਆਂ ਦੇਣ ਵਾਲੇ ਨਹੀਂ ਹੁੰਦੇ, ਸਗੋਂ ਉਹ ਮਰੀਜ਼ਾਂ ਨੂੰ ਦਵਾਈਆਂ ਦੀ ਸਹੀ ਜਾਣਕਾਰੀ ਦਿੰਦੇ ਹਨ ਅਤੇ ਸਿਹਤ ਸੰਭਾਲ ਵਿਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਇਸ ਦੇ ਨਾਲ-ਨਾਲ ਫਾਰਮੇਸੀ ਅਫ਼ਸਰ ਹਸਪਤਾਲ ਦੀਆਂ ਹੋਰ ਮਹੱਤਵਪੂਰਨ ਜ਼ਿੰਮੇਵਾਰੀਆਂ ਜਿਵੇਂ ਕਿ ਦਵਾਈਆਂ ਅਤੇ ਹੋਰ ਸਾਮਾਨ ਦੀ ਖ਼ਰੀਦ, ਵੱਖ-ਵੱਖ ਤਰ੍ਹਾਂ ਦੀਆਂ ਰਿਪੋਰਟਾਂ ਬਣਾਉਣਾ, ਇੰਸਪੈਕਸ਼ਨਾਂ ਲਈ ਹਸਪਤਾਲ ਦੀ ਤਿਆਰੀ ਕਰਵਾਉਣਾ, ਯੂਜ਼ਰ ਚਾਰਜਜ਼ ਦੇ ਬੈਂਕ ਅਕਾਉਂਟ ਦਾ ਰਿਕਾਰਡ ਸੰਭਾਲਣਾ ਤੇ ਹੋਰ ਲੋੜੀਂਦੇ ਕੰਮ ਵੀ ਬੜੀ ਤਨਦੇਹੀ ਨਾਲ ਨਿਭਾਉਂਦੇ ਹਨ ਤੇ ਸਿਹਤ ਢਾਂਚੇ ਵਿਚ ਰੀੜ੍ਹ ਦੀ ਹੱਡੀ ਦਾ ਕੰਮ ਕਰਦੇ ਹਨ | ਉਨ੍ਹਾਂ ਦੱਸਿਆ ਕਿ ਇਸ ਸਮੇਂ ਪੰਜਾਬ ਵਿਚ ਫਾਰਮੇਸੀ ਅਫ਼ਸਰਾਂ ਦੀਆਂ ਲਗਭਗ 600 ਅਸਾਮੀਆਂ ਖ਼ਾਲੀ ਹਨ ਅਤੇ ਸੀ.ਐੱਚ.ਸੀ. ਅਹਿਮਦਗੜ੍ਹ ਵਿਚ ਵੀ 3 ਪੋਸਟਾਂ ਵਿਚੋਂ ਸਿਰਫ਼ ਇੱਕ 'ਤੇ ਹੀ ਫਾਰਮੇਸੀ ਅਫ਼ਸਰ ਤੈਨਾਤ ਹੈ, ਜਿਸ ਕਾਰਨ ਫਾਰਮੇਸੀ ਅਫ਼ਸਰਾਂ ਨੂੰ ਕੰਮ ਦਾ ਵਾਧੂ ਬੋਝ ਸਹਿਣਾ ਪੈਂਦਾ ਹੈ | ਉਨ੍ਹਾਂ ਵਰਲਡ ਫਾਰਮਾਸਿਸਟ ਡੇ 'ਤੇ ਜਿੱਥੇ ਪੰਜਾਬ ਸਰਕਾਰ ਨੂੰ ਫਾਰਮੇਸੀ ਅਫ਼ਸਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ, ਯੋਗਤਾ ਦੇ ਅਨੁਸਾਰ ਤਨਖ਼ਾਹਾਂ ਦੇਣ, ਖ਼ਾਲੀ ਪੋਸਟਾਂ ਨੂੰ ਭਰਨ ਅਤੇ ਸਿਹਤ ਵਿਭਾਗ ਵਿਚ ਨੂੰ ਬਣਦਾ ਮਾਣ-ਸਮਮਾਨ ਦੇਣ ਦੀ ਅਪੀਲ ਕੀਤੀ ਉਥੇ ਹੀ ਉਨ੍ਹਾਂ ਨੇ ਫਾਰਮੇਸੀ ਅਫ਼ਸਰਾਂ ਨੂੰ ਆਪਣੀ ਡਿਊਟੀ ਨੂੰ ਤਨਦੇਹੀ ਅਤੇ ਲੋਕ ਸੇਵਾ ਦੇ ਭਾਵ ਨਾਲ ਨਿਭਾਉਣ ਦੀ ਅਪੀਲ ਕੀਤੀ | ਉਨ੍ਹਾਂ ਨੇ ਭਾਈ ਘਨਈਆ ਜੀ ਦੀ ਦੁਸ਼ਮਣਾਂ ਨੂੰ ਪਾਣੀ ਪਿਲਾਉਣ ਵਾਲੀ ਉਦਾਹਰਨ ਦੇ ਕੇ ਫਾਰਮੇਸੀ ਅਫ਼ਸਰਾਂ ਨੂੰ ਆਪਣੀ ਡਿਊਟੀ ਲੋਕ ਸੇਵਾ ਅਤੇ ਬਿਨਾਂ ਕਿਸੇ ਭੇਦਭਾਵ ਤੋਂ ਨਿਭਾਉਣ ਦੀ ਅਪੀਲ ਵੀ ਕੀਤੀ |