ਲੌਂਗੋਵਾਲ, 25 ਸਤੰਬਰ (ਵਿਨੋਦ ਸ਼ਰਮਾ)-ਦੇਸ਼ ਵਿਚ ਅਰਥਵਿਵਸਥਾ ਅਤੇ ਵਪਾਰ ਨੀਤੀਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਪਣਾਈ ਰਣਨੀਤੀ ਬਾਰੇ ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਿਰ ਅਤੇ ਡਾਇਰੈਕਟਰ ਸਲਾਇਟ ਪ੍ਰੋਫੈਸਰ (ਡਾ.) ਮਨੀਕਾਂਤ ਪਾਸਵਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਦੀ ਸਵੈ-ਨਿਰਭਰਤਾ ਅਤੇ ਮਜ਼ਬੂਤ ਆਰਥਿਕ ਨੀਤੀਆਂ ਰਾਹੀਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਿੱਛੇ ਛੱਡ ਸਕਦੇ ਹਨ | ਉਨ੍ਹਾਂ ਦੱਸਿਆ ਕਿ ਭਾਰਤ ਨੇ ਹਾਲ ਹੀ ਵਿਚ ਜਾਰੀ ਕੀਤੇ ਟੈਰਿਫ਼ ਸਟੇਟਮੈਂਟ ਅਤੇ ਅੰਤਰਰਾਸ਼ਟਰੀ ਵਪਾਰ ਨੀਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀ ਰੱਖਿਆ ਅਤੇ ਉਦਯੋਗਿਕ ਸਵੈ-ਨਿਰਭਰਤਾ ਨੂੰ ਵਧਾਉਣ ਲਈ ਠੋਸ ਕਦਮ ਚੁੱਕੇ ਹਨ | ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਮੋਦੀ ਦਾ ਮੰਨਣਾ ਹੈ ਕਿ ਆਰਥਿਕ ਅਤੇ ਉਦਯੋਗਿਕ ਸਵੈ-ਨਿਰਭਰਤਾ ਵਿਸ਼ਵ ਕੂਟਨੀਤੀ ਅਤੇ ਵਪਾਰਕ ਦਬਾਅ ਦੇ ਵਿਰੁੱਧ ਦੇਸ਼ ਦਾ ਸਭ ਤੋਂ ਮਜ਼ਬੂਤ ਹਥਿਆਰ ਹੈ | ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਭਵਿੱਖ ਵਿਚ, ਭਾਰਤ ਦੀ ਆਰਥਿਕ ਨੀਤੀ ਵਿਸ਼ਵਵਿਆਪੀ ਦਬਾਅ ਅਤੇ ਵਪਾਰਕ ਚੁਨੌਤੀਆਂ ਦਾ ਸਫਲਤਾਪੂਰਵਕ ਸਾਹਮਣਾ ਕਰੇਗੀ |