ਮਸਤੂਆਣਾ ਸਾਹਿਬ, 25 ਸਤੰਬਰ (ਦਮਦਮੀ)-ਅਕਾਲ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਤਿੰਨ ਰੋਜ਼ਾ ਅੰਤਰ ਕਾਲਜ ਬਾਸਕਟਬਾਲ ਟੂਰਨਾਮੈਂਟ ਅਬਜ਼ਰਵਰ ਡਾਕਟਰ ਪਿ੍ੰਸਪ੍ਰੀਤ ਸਿੰਘ ਘੁੰਮਣ ਦੀ ਨਿਗਰਾਨੀ ਹੇਠ ਬੜੇ ਹੀ ਉਤਸ਼ਾਹ ਨਾਲ ਆਰੰਭ ਹੋਇਆ | ਇਸ ਬਾਸਕਟਬਾਲ ਟੂਰਨਾਮੈਂਟ ਵਿਚ ਵੱਖ-ਵੱਖ ਕਾਲਜਾਂ ਦੀਆਂ ਲੜਕਿਆਂ ਦੀਆਂ 10 ਅਤੇ ਲੜਕੀਆਂ ਦੀਆਂ 8 ਟੀਮਾਂ ਨੇ ਭਾਗ ਲਿਆ | ਇਸ ਟੂਰਨਾਮੈਂਟ ਦਾ ਉਦਘਾਟਨ ਇੰਟਰਨੈਸ਼ਨਲ ਬਾਸਕਟਬਾਲ ਖਿਡਾਰੀ ਡੀ.ਐੱਸ.ਪੀ ਕਮਲਜੀਤ ਸਿੰਘ ਬਰਨਾਲਾ ਨੇ ਕੀਤਾ | ਜਦੋਂ ਕਿ ਪ੍ਰਧਾਨਗੀ ਪੰਜਾਬ ਮਾਸਟਰ ਅਥਲੈਟਿਕ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਕੈਪਟਨ ਡਾਕਟਰ ਭਪਿੰਦਰ ਸਿੰਘ ਪੂਨੀਆ ਨੇ ਕੀਤੀ | ਵਿਸ਼ੇਸ਼ ਮਹਿਮਾਨ ਵਜੋਂ ਇੰਟਰਨੈਸ਼ਨਲ ਵਾਲੀਬਾਲ ਖਿਡਾਰੀ ਗੁਰਜੰਟ ਸਿੰਘ ਦੁੱਗਾਂ, ਸਾਈ ਸੈਂਟਰ ਦੇ ਸਾਬਕਾ ਨਿਰਦੇਸ਼ਕ ਮਨਜੀਤ ਸਿੰਘ ਬਾਲੀਆ, ਡਾਕਟਰ ਜਤਿੰਦਰ ਦੇਵ ਸਿੰਘ, ਡਾਕਟਰ ਰਜਿੰਦਰ ਸਿੰਘ ਬਾਜਵਾ, ਪਿ੍ੰਸੀਪਲ ਵਿਜੇ ਪਲਾਹਾ ਅਤੇ ਹੋਰ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ | ਇਸ ਤੋਂ ਪਹਿਲਾਂ ਕਾਲਜ ਦੇ ਪਿ੍ੰਸੀਪਲ ਡਾਕਟਰ ਗੀਤਾ ਠਾਕਰ ਨੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਕਾਲਜ ਦੀਆਂ ਖੇਡਾਂ ਅਤੇ ਪੜ੍ਹਾਈ ਦੇ ਖੇਤਰ ਵਿਚ ਮੱਲਾਂ ਮਾਰਨ ਸਬੰਧੀ ਗਤੀਵਿਧੀਆਂ ਬਾਰੇ ਚਾਨਣਾ ਪਾਇਆ | ਇਸ ਮੌਕੇ ਲੜਕੀਆਂ ਦੇ ਹੋਏ ਮੁਕਾਬਲਿਆਂ ਦੌਰਾਨ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਦੀਆਂ ਲੜਕੀਆਂ ਨੇ ਗੌਰਮੈਂਟ ਰਜਿੰਦਰ ਕਾਲਜ ਬਠਿੰਡਾ ਨੂੰ 29-5 ਨਾਲ ਹਰਾਇਆ | ਇਸੇ ਤਰ੍ਹਾਂ ਐੱਮ ਐੱਮ ਮੋਦੀ ਕਾਲਜ ਪਟਿਆਲਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੂੰ 30-22 ਦੇ ਫ਼ਰਕ ਨਾਲ ਹਰਾਇਆ | ਸਰਕਾਰੀ ਕਾਲਜ ਮਲੇਰਕੋਟਲਾ ਨੇ ਪਬਲਿਕ ਕਾਲਜ ਸਮਾਣਾ ਨੂੰ 16-0 ਨਾਲ ਅਤੇ ਗੌਰਮੈਂਟ ਕਾਲਜ ਰੋਪੜ ਨੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਨੂੰ 4-2 ਦੇ ਫ਼ਰਕ ਨਾਲ ਹਰਾਇਆ | ਇਸੇ ਤਰ੍ਹਾਂ ਲੜਕਿਆਂ ਦੇ ਹੋਏ ਬਾਸਕਟਬਾਲ ਮੁਕਾਬਲਿਆਂ ਦੌਰਾਨ ਯੂਨੀਵਰਸਿਟੀ ਕਾਲਜ ਢਿੱਲਵਾਂ ਨੇ ਬਾਬਾ ਫਰੀਦ ਕਾਲਜ ਨੂੰ 64-48 ਦੇ ਫ਼ਰਕ ਨਾਲ ਹਰਾਇਆ | ਜਦੋਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੇ ਰਜਿੰਦਰਾ ਕਾਲਜ ਬਠਿੰਡਾ ਨੂੰ 53-25 ਦੇ ਫ਼ਰਕ ਨਾਲ ਹਰਾਇਆ | ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਡਾਕਟਰ ਰਣਧੀਰ ਸ਼ਰਮਾ ਅਤੇ ਡਾਕਟਰ ਸੋਹਣਦੀਪ ਸਿੰਘ ਜੁਗਨੂੰ ਵਲੋਂ ਬਾਖੂਬੀ ਨਿਭਾਈ ਗਈ |