ਭਵਾਨੀਗੜ੍ਹ, 25 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਹਸਪਤਾਲ ਦੇ ਸੀਨੀਅਰ ਡਾਕਟਰ ਵਿਕਰਮਪਾਲ ਸਿੰਘ ਦੀ ਸਰਕਾਰੀ ਰਿਹਾਇਸ਼ 'ਤੇ ਲੰਘੀ 1 ਸਤੰਬਰ ਨੂੰ ਕੀਤੀ ਲੁੱਟ ਦਾ ਪੁਲਿਸ ਵਲੋਂ ਪਰਦਾਫਾਸ਼ ਕਰਦਿਆਂ ਇਸ ਲੁੱਟ ਦੇ 3 ਜਿੰਮੇਵਾਰਾਂ ਨੂੰ 1 ਲੱਖ 69 ਹਜ਼ਾਰ 500 ਰੁਪਏ, 2 ਮੋਟਰ ਸਾਈਕਲ, ਆਈ ਫ਼ੋਨ ਅਤੇ ਲੁੱਟ ਦੇ ਪੈਸਿਆਂ ਨਾਲ ਖ਼ਰੀਦੀ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਇਸ ਲੁੱਟ ਨੂੰ ਲੈ ਕੇ ਪੁਲਿਸ ਵਲੋਂ ਦੋਸ਼ੀਆਂ ਨੂੰ ਫੜਨ ਲਈ ਵੱਖ-ਵੱਖ ਪੁਲਿਸ ਟੀਮਾਂ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਅਗਵਾਈ ਹੇਠ ਦਲਜੀਤ ਸਿੰਘ ਵਿਰਕ, ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ, ਸ੍ਰੀ ਰਾਹੁਲ ਕੌਸ਼ਲ, ਉਪ ਕਪਤਾਨ ਪੁਲਿਸ ਸਬ ਡਵੀਜ਼ਨ ਭਵਾਨੀਗੜ੍ਹ, ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ.ਆਈ.ਏ ਅਤੇ ਥਾਣੇਦਾਰ ਅਵਤਾਰ ਸਿੰਘ, ਆਦਿ ਹਾਜ਼ਰ ਸਨ, ਬਣਾ ਕੇ ਟੈਕਨੀਕਲ ਢੰਗ ਨਾਲ ਕਾਰਵਾਈ ਕਰਦਿਆਂ ਇਸ ਲੁੱਟ ਦੇ ਜਿੰਮੇਵਾਰਾਂ ਧਰਮਪ੍ਰੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਕਾਕੂਵਾਲਾ ਅਤੇ ਕੁਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਦੀਵਾਨਗੜ ਕੈਂਪਰ (ਥਾਣਾ ਦਿੜ੍ਹਬਾ) ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ 1,69,500 ਰੁਪਏ ਨਕਦ, ਲੁੱਟ ਕੀਤੀ ਰਕਮ ਵਿਚੋਂ ਖ਼ਰੀਦਿਆ ਹੋਇਆ ਆਈ ਫ਼ੋਨ ਪਰੋ, ਵਾਰਦਾਤ ਸਮੇਂ ਵਰਤੇ ਹਥਿਆਰ ਅਤੇ 2 ਮੋਟਰਸਾਈਕਲ ਅਤੇ 36.25 ਗ੍ਰਾਮ ਹੈਰੋਇਨ ਬਰਾਮਦ ਕਰਵਾਈ ਗਈ | ਉਨ੍ਹਾਂ ਦੱਸਿਆ ਕਿ ਇਸ ਲੁੱਟ ਨੂੰ ਲੈ ਕੇ ਪੁਲਿਸ ਨੇ ਪਹਿਲਾਂ ਉਕਤ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰਬਰ 214 ਦਰਜ਼ ਕਰਕੇ ਲੁੱਟ ਦੀ ਵਾਰਦਾਤ ਅਧੀਨ ਧਾਰਾਵਾਂ ਲਗਾਈਆਂ ਸਨ, ਪਰ ਕਾਬੂ ਕੀਤੇ ਵਿਅਕਤੀਆਂ ਤੋਂ ਹੈਰੋਇਨ ਮਿਲਣ 'ਤੇ ਇਨ੍ਹਾਂ ਖ਼ਿਲਾਫ਼ ਜੁਰਮ ਵਿਚ ਵਾਧਾ ਕਰਦਿਆਂ ਤੀਜੇ ਵਿਅਕਤੀ ਜਗਜੀਤ ਸਿੰਘ ਜੱਗੀ ਪੁੱਤਰ ਜਗਤਾਰ ਸਿੰਘ ਵਾਸੀ ਕਾਕੂਵਾਲਾ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਤਫ਼ਤੀਸ਼ ਚੱਲ ਰਹੀ ਹੈ, ਇਨ੍ਹਾਂ ਤੋਂ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ |