ਸੰਗਰੂਰ, 25 ਸਤੰਬਰ (ਦਮਨਜੀਤ ਸਿੰਘ) - ਸੰਗਰੂਰ ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਚਲਾਈ ਮੁਹਿੰਮ ਦੌਰਾਨ ਥਾਣਾ ਸਦਰ, ਸਿਟੀ ਅਤੇ ਸਿਟੀ -1 ਵਲੋਂ ਲੰਘੇ ਹਫ਼ਤੇ ਦੌਰਾਨ 8 ਮੁਕੱਦਮੇ ਦਰਜ ਕਰ ਕੇ 15 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਡੀ.ਐਸ.ਪੀ. ਸੰਗਰੂਰ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਅਧੀਨ ਆਉਂਦੇ ਤਿੰਨੇ ਥਾਣਿਆਂ ਵਿਚ ਲੰਘੇ ਇੱਕ ਹਫ਼ਤੇ ਦੌਰਾਨ ਡੀ.ਪੀ.ਐਸ. ਐਕਟ ਅਧੀਨ 4 ਮੁਕੱਦਮੇ, ਐਕਸਾਇਜ ਐਕਟ ਅਧੀਨ 2 ਮੁਕੱਦਮੇ, ਜੂਆ ਖੇਡਣ ਵਾਲਿਆਂ ਵਿਰੁੱਧ ਇੱਕ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਹੁਕਮਾਂ ਦੀ ਉਲੰਘਣਾ ਕਰਨ ਸਬੰਧੀ ਇੱਕ ਮੁਕੱਦਮਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕੱਦਮਿਆਂ ਵਿਚ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਪਾਸੋਂ 25 ਗ੍ਰਾਮ ਹੈਰੋਇਨ (ਚਿੱਟਾ), 20 ਬੋਤਲਾਂ ਸ਼ਰਾਬ ਦੇਸੀ, 1 ਲੱਖ 2 ਹਾਜ਼ਰ 400 ਨਸ਼ੀਲੇ ਕੈਪਸੂਲ ਅਤੇ 4800 ਰੁਪਏ ਨਕਦੀ ਸਮੇਤ ਤਾਸ਼ ਦੇ ਪੱਤੇ ਬਰਾਮਦ ਕਰਵਾਏ ਗਏ ਹਨ | ਡੀ.ਐਸ.ਪੀ. ਸੁਖਦੇਵ ਸਿੰਘ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਹੀ ਨਸ਼ੇ ਦੇ ਦਲਦਲ ਵਿਚ ਫਸੇ 3 ਵਿਅਕਤੀਆਂ ਨੂੰ ਦਵਾਈ ਦਿਵਾਉਣ ਤੋਂ ਇਲਾਵਾ 3 ਨਸ਼ੇ ਦੇ ਆਦੀ ਵਿਅਕਤੀਆਂ ਨੂੰ ਨਸ਼ਾ ਛਡਾਊ ਕੇਂਦਰ ਵਿਚ ਦਾਖਲ ਕਰਵਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਅੰਦਰ ਟਰੈਫ਼ਿਕ ਨਿਯਮਾਂ ਦੀ ਉਲ਼ੰਘਣਾ ਕਰਨ ਵਾਲੇ 83 ਵਾਹਨਾਂ ਦੇ ਚਲਾਨ ਕੀਤੇ ਗਏ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ 15 ਵਿਅਕਤੀਆਂ ਵਿਰੁੱਧ ਰੋਕ ਕਾਰਵਾਈ ਕੀਤੀ ਗਈ | ਡੀ.ਐਸ.ਪੀ. ਸੁਖਦੇਵ ਸਿੰਘ ਨੇ ਕਿਹਾ ਕਿ ਸੰਗਰੂਰ ਇਲਾਕੇ ਵਿਚ ਪੁਲਿਸ ਵਲੋਂ ਮਾੜੇ ਅਤੇ ਸ਼ੱਕੀ ਵਿਅਕਤੀਆਂ ਉੱਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ |