ਕੌਹਰੀਆਂ, 25 ਸਤੰਬਰ (ਸੁਨੀਲ ਕੁਮਾਰ ਗਰਗ) - ਹਲਕਾ ਦਿੜ੍ਹਬਾ ਦੇ ਅਧੀਨ ਪੈਂਦੇ ਪਿੰਡ ਸ਼ਾਦੀਹਰੀ ਤੋਂ ਉਭਿਆ ਪਿੰਡ ਨੂੰ ਜਾਣ ਵਾਲੀ ਸੜਕ ਦੋ ਦਿਨ ਪਹਿਲਾਂ ਹੀ ਬਣਾਈ ਗਈ ਸੀ, ਇੰਨੇ ਥੋੜ੍ਹੇ ਸਮੇਂ ਵਿਚ ਹੀ ਟੁੱਟਣੀ ਸ਼ੁਰੂ ਹੋ ਗਈ ਹੈ | ਪਿੰਡ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਸਾਦੀਹਰੀ ਤੋਂ ਪਿੰਡ ਉਭਿਆ ਨੂੰ ਬਣੀ ਸੜਕ,ਜੋ ਲੰਬੇ ਸਮੇਂ ਤੋਂ ਖ਼ਸਤਾ-ਹਾਲ ਸੀ | ਜਿਸ ਕਾਰਨ ਲੋਕ ਬੇਹੱਦ ਪਰੇਸ਼ਾਨ ਸਨ ਤੇ ਲੋਕਾਂ ਨੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਪੁਰਜ਼ੋਰ ਮੰਗ ਕਰਦਿਆਂ ਇਹ ਸੜਕ ਨਵੀਂ ਬਣਾਉਣ ਦੀ ਮੰਗ ਰੱਖੀ ਸੀ | ਚੀਮਾ ਵਲੋਂ ਇਹ ਮੰਗ ਪਹਿਲ ਦੇ ਆਧਾਰ 'ਤੇ ਪੂਰੀ ਕਰਦਿਆਂ ਪਿਛਲੇ ਦਿਨੀਂ ਬਣੀ ਨਵੀਂ ਸੜਕ ਨੇਪਰੇ ਚੜ੍ਹੀ ਸੀ | ਭਾਵੇਂ ਕਿ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਅਫ਼ਸਰਸ਼ਾਹੀ ਨੂੰ ਭਿ੍ਸ਼ਟਾਚਾਰ ਮੁਕਤ ਤੇ ਸਹੀ ਕੰਮ ਕਰਨ ਦੇ ਆਦੇਸ਼ ਦਿੰਦੀ ਰਹਿੰਦੀ ਹੈ ਪਰ ਇਹ ਸੜਕ ਬਣਾਉਣ ਵਾਲੀ ਅਫ਼ਸਰਸ਼ਾਹੀ 'ਤੇ ਇਸ ਗੱਲ ਦਾ ਕੋਈ ਅਸਰ ਦਿਖਾਈ ਨਹੀਂ ਦਿੰਦਾ | ਜਿਸ ਦੇ ਚੱਲਦਿਆਂ ਦੋ ਦਿਨ ਪਹਿਲਾਂ ਬਣੀ ਸੜਕ 'ਤੇ ਵੱਡੇ ਵੱਡੇ ਬੱਟੇ ਇਸ ਤਰ੍ਹਾਂ ਹੀ ਨਿਕਲ ਰਹੇ ਹਨ ਕਿ ਲੁੱਕ ਅਤੇ ਬਜਰੀ ਦੀ ਤਾਂ ਜਿਵੇਂ ਵਰਤੋਂ ਹੀ ਨਾਂ ਕੀਤੀ ਹੋਵੇ | ਸੜਕ ਵਿਚੋਂ ਵੱਡੇ ਵੱਡੇ ਵੱਟੇ ਉੱਖੜਨ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਉਨ੍ਹਾਂ ਕਿਹਾ ਕਿ ਮਹਿਕਮੇ ਦੇ ਅਧਿਕਾਰੀਆਂ ਵਲੋਂ ਸੜਕ ਬਣਾਉਣ ਸਮੇਂ ਘੱਟ ਅਤੇ ਮਾੜੇ ਮੈਟੀਰੀਅਲ ਦੀ ਵਰਤੋਂ ਕੀਤੀ ਗਈ ਹੈ | ਲੋਕਾਂ ਨੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ | ਇਸ ਸਬੰਧੀ ਜੇਈ ਕੁਲਵਿੰਦਰ ਸਿੰਘ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸੜਕ ਦਾ ਕੰਮ ਅਜੇ ਅਧੂਰਾ ਹੈ, ਪਿੰਡ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ | ਜਲਦੀ ਹੀ ਇਸ ਦਾ ਕੰਮ ਮੁਕੰਮਲ ਕਰਵਾ ਦਿੱਤਾ ਜਾਵੇਗਾ |