ਮੂਨਕ, 25 ਸਤੰਬਰ (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਚੱਲ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਚੱਲ ਰਹੇ 'ਓਟ' ਕਲੀਨਿਕ ਨਸ਼ਾ ਪੀੜਤਾਂ ਲਈ ਵਰਦਾਨ ਸਾਬਤ ਹੋ ਰਹੇ ਹਨ | ਸਿਵਲ ਸਰਜਨ ਡਾ. ਅਮਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਮਨਜੀਤ ਕੌਰ ਦੀ ਅਗਵਾਈ ਵਿਚ ਮੂਨਕ ਵਿਖੇ ਚੱਲ ਰਹੇ ਓਟ ਕਲੀਨਿਕ 'ਤੇ ਵੱਡੀ ਗਿਣਤੀ ਮਰੀਜ਼ ਇਲਾਜ ਕਰਵਾ ਰਹੇ ਹਨ | ਇਸ ਦੌਰਾਨ ਜਾਣਕਾਰੀ ਸਾਂਝਾ ਕਰਦੇ ਹੋਏ ਡਾ. ਮਨਜੀਤ ਕੌਰ, ਸੀਨੀਅਰ ਮੈਡੀਕਲ ਅਫ਼ਸਰ ਨੇ ਕਿਹਾ ਕਿ ਓ.ਓ.ਏ.ਟੀ. ਕਲੀਨਿਕ ਵਿਖੇ ਇਲਾਜ ਅਧੀਨ ਮਰੀਜ਼ਾਂ ਨੂੰ ਇਲਾਜ ਲਈ ਜਿੱਥੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਹੀ ਡਾਕਟਰਾਂ ਤੇ ਕਾਉਂਸਲਰ ਵਲੋਂ ਕਾਉਂਸਲਿੰਗ ਕੀਤੀ ਜਾ ਰਹੀ ਹੈ, ਤਾਂ ਜੋ ਮਰੀਜ਼ਾਂ ਨੂੰ ਨਸ਼ਿਆਂ ਦੀ ਬਿਮਾਰੀ ਤੋਂ ਬਾਹਰ ਕੱਢਣ ਲਈ ਮਾਨਸਿਕ ਤੌਰ 'ਤੇ ਮਜ਼ਬੂਤ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਨਸ਼ਾ ਪੀੜਤ ਵਿਅਕਤੀ ਨਾਲ ਹਮਦਰਦੀ ਭਰਿਆ ਵਤੀਰਾ ਅਪਣਾਉਣਾ ਚਾਹੀਦਾ ਹੈ | ਉਨ੍ਹਾਂ ਨੂੰ ਪ੍ਰੇਰਿਤ ਕਰ ਕੇ ਇਲਾਜ ਲਈ ਸਿਹਤ ਕੇਂਦਰ ਵਿਖੇ ਲਿਆਂਦਾ ਜਾਵੇ | ਉਨ੍ਹਾਂ ਦੱਸਿਆ ਕਿ ਇਲਾਜ ਕਰਵਾਉਣ ਵਾਲੇ ਮਰੀਜ਼ ਦੀ ਪਛਾਣ ਵਿਭਾਗ ਵਲੋਂ ਗੁਪਤ ਰੱਖੀ ਜਾਂਦੀ ਹੈ | ਨਰਿੰਦਰ ਪਾਲ ਸਿੰਘ ਬਲਾਕ ਐਜੂਕੇਟਰ ਅਤੇ ਸਤੀਸ਼ ਕੁਮਾਰ ਜੂਨੀਅਰ ਸਹਾਇਕ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਨਸ਼ਿਆਂ ਤੋਂ ਪੀੜਤ ਵਿਅਕਤੀਆਂ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕੀ ਜ਼ਿਲੇ੍ਹ ਵਿਚ ਇਹ ਕੇਂਦਰ ਕਾਰਜਸ਼ੀਲ ਹਨ, ਜਿੱਥੇ ਮਰੀਜ਼ ਦਾਖਲ ਰਹਿ ਕੇ ਆਪਣਾ ਇਲਾਜ ਕਰਵਾ ਸਕਦੇ ਹਨ | ਇਸ ਤੋਂ ਇਲਾਵਾ ਓਟ ਕਲੀਨਿਕਾਂ ਵਿਖੇ ਮਰੀਜ਼ ਆਪਣੀ ਦਵਾਈ ਪ੍ਰਾਪਤ ਕਰ ਸਕਦੇ ਹਨ ਤੇ ਆਪਣੇ ਰੋਜ਼ਾਨਾ ਦੇ ਕੰਮ-ਕਾਜ ਜਾਰੀ ਰੱਖ ਸਕਦੇ ਹਨ | ਇਲਾਜ ਅਧੀਨ ਇੱਕ ਮਰੀਜ਼ ਨੇ ਦੱਸਿਆ ਕਿ ਉਹ ਪਹਿਲਾਂ ਕਰੀਬ 4 ਹਜ਼ਾਰ ਰੁਪਏ ਦਾ ਨਸ਼ਾ ਕਰਦਾ ਸੀ | ਪੰਜਾਬ ਸਰਕਾਰ ਦੇ ਇਸ ਉਪਰਾਲੇ ਸਦਕਾ ਉਸ ਨੇ ਨਸ਼ਾ ਛੱਡ ਕੇ ਆਪਣਾ ਇਲਾਜ ਸ਼ੁਰੂ ਕਰਵਾਇਆ | ਇਸ ਇਲਾਜ ਸਦਕਾ ਉਹ ਨਸ਼ਾ ਛੱਡਣ 'ਚ ਕਾਮਯਾਬ ਹੋਇਆ ਹੈ ਅਤੇ ਹੁਣ ਉਹ ਆਪਣੀ ਇਸ ਦਵਾਈ ਦੀ ਖ਼ੁਰਾਕ ਨੂੰ ਵੀ ਘੱਟ ਕਰ ਕੇ ਛੱਡ ਰਿਹਾ ਹੈ | ਉਸ ਨੇ ਸਰਕਾਰ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ | ਇਸ ਮੌਕੇ ਓ.ਓ.ਏ.ਟੀ. ਸਟਾਫ਼ ਨਰਸ ਸਤਗੁਰ ਸਿੰਘ ਵੀ ਹਾਜ਼ਰ ਸੀ |