ਸੰਗਰੂਰ, 25 ਸਤੰਬਰ (ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਕਾਂਗਰਸ ਐਸ.ਸੀ. ਸੈੱਲ ਦੇ ਚੇਅਰਮੈਨ ਚਮਕੌਰ ਸਿੰਘ ਜੱਸੀ ਕਰਤਾਰਪੁਰ ਨੇ ਕਿਹਾ ਕਿ ਬਿਹਾਰ ਵਿਚ ਇਸ ਵਾਰ ਜਨਤਾ ਦਲ ਯੂਨਾਇਟਡ ਅਤੇ ਕਾਂਗਰਸ ਪਾਰਟੀ ਦੇ ਗੱਠਜੋੜ ਦੀ ਸਰਕਾਰ ਬਣਨਾ ਤੈਅ ਹੈ | ਬਿਹਾਰ ਵਿਚ ਦਰਭੰਗਾ ਜ਼ਿਲ੍ਹੇ ਦੇ ਪੰਜ ਹਲਕਿਆਂ ਲਈ ਅਬਜ਼ਰਵਰ ਵਜੋਂ ਕੰਮ ਕਰ ਕੇ ਪੰਜਾਬ ਪਰਤੇ ਚਮਕੌਰ ਸਿੰਘ ਜੱਸੀ ਨੇ ਕਿਹਾ ਕਿ ਉਨ੍ਹਾਂ ਦਰਭੰਗਾ ਹਲਕੇ ਦੇ ਪਿੰਡਾਂ ਵਿਚ ਗ਼ਰੀਬ ਵਰਗ ਨਾਲ ਸੰਪਰਕ ਕਰ ਕੇ ਉਨ੍ਹਾਂ ਦੀ ਦੁੱਖ ਤਕਲੀਫ਼ਾਂ ਜਾਣਨ ਦਾ ਯਤਨ ਕੀਤਾ ਹੈ | ਉਨ੍ਹਾਂ ਕਿਹਾ ਕਿ ਆਪਣੇ ਹਫ਼ਤੇ ਦੇ ਦੌਰੇ ਦੀ ਰਿਪੋਰਟ ਕਾਂਗਰਸ ਹਾਈ ਕਮਾਨ ਨੂੰ ਬਣਾ ਕੇ ਦਿੱਤੀ ਹੈ ਤਾਂ ਜੋ ਕਾਂਗਰਸ ਲੀਡਰਸ਼ਿਪ ਬਿਹਾਰ ਲਈ ਤਿਆਰ ਕੀਤੇ ਜਾ ਰਹੇ ਚੋਣ ਮੈਨੀਫੈਸਟੋ ਵਿਚ ਉਪਰੋਕਤ ਸਮੱਸਿਆਵਾਂ ਦਾ ਵੇਰਵਾ ਉਨ੍ਹਾਂ ਦੇ ਹੱਲ ਲਈ ਸੁਝਾਆਵਾਂ ਨੂੰ ਸ਼ਾਮਲ ਕਰ ਸਕੇ | ਜੱਸੀ ਨੇ ਕਿਹਾ ਕਿ ਬਿਹਾਰ ਵਿਚ ਮੌਜੂਦਾ ਨੀਤੀਸ਼ ਸਰਕਾਰ ਨੇ ਸਿੱਖਿਆ ਅਤੇ ਮੈਡੀਕਲ ਸਹੂਲਤਾਂ ਦਾ ਬੇੜਾ ਗ਼ਰਕ ਕਰ ਕੇ ਰੱਖ ਦਿੱਤਾ ਹੈ ਅਤੇ ਹੁਣ ਕਾਂਗਰਸ, ਜਨਤਾ ਦਲ ਦਾ ਗੱਠਜੋੜ ਹੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੱਢੇਗਾ | ਜੱਸੀ ਨਾਲ ਪਟਿਆਲਾ ਤੋਂ ਕੁਲਵਿੰਦਰ ਸਿੰਘ ਪਟਿਆਲਾ ਤੋਂ ਇਲਾਵਾ ਜਨਤਾ ਦਲ ਦੇ ਮੰਗਲੀ ਲਾਲ ਮੰਡਲ, ਮਨੋਜ ਸ਼ਰਮਾ, ਸੰਜੇ ਕੁਮਾਰ ਭਾਰਤੀ, ਰਾਜ ਨੰਦਨ ਸ਼ਾਤੀ ਦੇਵੀ, ਰਣਜੀਤ ਕੁਮਾਰ, ਅਭਿਸ਼ੇਕ, ਰਾਜੀਵ ਕੁਮਾਰ ਨੇ ਦਰਭੰਗਾ ਦਾ ਦੌਰਾ ਕੀਤੇ | ਉਨ੍ਹਾਂ ਕਿਹਾ ਕਿ ਚੋਣਾਂ ਦੀ ਤਾਰੀਖ਼ ਦਾ ਐਲਾਨ ਹੋਣ ਉਪਰੰਤ ਉਹ ਵੱਡੇ ਜਥੇ ਨਾਲ ਬਿਹਾਰ ਰਵਾਨਾ ਹੋਣਗੇ |