ਸੰਗਰੂਰ, 26 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਪਰਾਲੀ ਫੂਕੇ ਜਾਣ ਨੂੰ ਰੋਕਣ ਅਤੇ ਟਿਕਾਊ ਖੇਤੀ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਲਈ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਬੈਂਬੀ ਅਤੇ ਐੱਸ. ਪੀ.(ਡੀ) ਦਵਿੰਦਰ ਅੱਤਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉਦਯੋਗਪਤੀਆਂ ਅਤੇ ਬੇਲਰ ਮਾਲਕਾਂ ਨਾਲ ਵਿਸਥਾਰਪੂਰਵਕ ਮੀਟਿੰਗ ਕੀਤੀ | ਸ਼੍ਰੀ ਬੈਂਬੀ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੇ ਉਦਯੋਗਪਤੀ ਸਿਰਫ਼ ਜ਼ਿਲ੍ਹਾ ਸੰਗਰੂਰ ਵਿਚੋਂ ਹੀ ਪਰਾਲੀ ਦੀਆਂ ਗੰਢਾਂ ਖ਼ਰੀਦਣ, ਤਾਂ ਜੋ ਇਸ ਪਹਿਲ ਕਦਮੀ ਦੇ ਲਾਭ ਸਿਰਫ਼ ਜ਼ਿਲ੍ਹੇ ਵਿਚ ਹੀ ਰਹਿਣ | ਬੇਲਰ ਮਾਲਕਾਂ ਨੂੰ ਹਦਾਇਤ ਦਿੱਤੀ ਗਈ ਕਿ ਉਹ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਗੰਢਾਂ ਬਣਾਉਣ ਵਿਚ ਪਹਿਲ ਦੇਣ | ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਫ਼ਸਲ ਵੱਢੇ ਜਾਣ ਤੋਂ 8 ਤੋਂ 10 ਦਿਨਾਂ ਵਿਚ ਪਰਾਲੀ ਦੀਆਂ ਗੰਢਾਂ ਹਰ ਹਾਲ ਬਣਾਈਆਂ ਜਾਣ | ਵਧੀਕ ਡਿਪਟੀ ਕਮਿਸ਼ਨਰ ਨੇ ਉਦਯੋਗਪਤੀਆਂ, ਬੇਲਰ ਮਾਲਕਾਂ ਅਤੇ ਕਿਸਾਨਾਂ ਦੇ ਵਿਚਕਾਰ ਸਹੀ ਸਹਿਯੋਗ ਅਤੇ ਤਾਲਮੇਲ 'ਤੇ ਜ਼ੋਰ ਦਿੱਤਾ, ਤਾਂ ਜੋ ਪਰਾਲੀ ਪ੍ਰਬੰਧਨ ਠੀਕ ਢੰਗ ਨਾਲ ਹੋ ਸਕੇ | ਜ਼ਿਲ੍ਹਾ ਪ੍ਰਸ਼ਾਸਨ ਗੰਢਾਂ ਰੱਖਣ ਸਬੰਧੀ ਦਰਪੇਸ਼ ਦਿੱਕਤਾਂ ਦੂਰ ਕਰਨ ਲਈ ਵੀ ਵਚਨਬੱਧ ਹੈ ਤੇ ਇਸ ਸਬੰਧੀ ਪੂਰਨ ਸਹਿਯੋਗ ਦਿੱਤਾ ਜਾਵੇਗਾ | ਇਸ ਮੌਕੇ ਐਸ.ਪੀ. ਦਵਿੰਦਰ ਅੱਤਰੀ ਨੇ ਇਸ ਬਾਬਤ ਨਿਗਰਾਨੀ ਅਤੇ ਲੋੜ ਅਨੁਸਾਰ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਕਿਹਾ ਕਿ ਪੁਲਿਸ ਪਰਾਲੀ ਫੂਕਣ ਖ਼ਿਲਾਫ਼ ਜ਼ੀਰੋ-ਟਾਲਰੈਂਸ ਨੀਤੀ ਅਪਣਾਏਗੀ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਮੁਤਾਬਿਕ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ | ਪੁਲਿਸ ਟੀਮਾਂ ਤੀਬਰ ਪੈਟਰੋਲਿੰਗ ਅਤੇ ਨਿਗਰਾਨੀ ਕਰਨਗੀਆਂ ਤੇ ਕਿਸੇ ਨੂੰ ਵੀ ਪਰਾਲੀ ਨੂੰ ਅੱਗ ਨਹੀਂ ਲਾਉਣ ਦਿੱਤੀ ਜਾਵੇਗੀ | ਪੁਲਿਸ ਵੀ ਕਿਸਾਨਾਂ ਨੂੰ ਇਸ ਬਾਬਤ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਲਗਾਤਾਰ ਕੰਮ ਕਰੇਗੀ ਅਤੇ ਪਰਾਲੀ ਫੂਕਣ ਦੀ ਪ੍ਰਥਾ ਖ਼ਤਮ ਕੀਤੀ ਜਾਵੇਗੀ | ਮੀਟਿੰਗ, ਸਾਰੇ ਹਿੱਸੇਦਾਰਾਂ ਦੀ ਇਸ ਰਾਏ ਨਾਲ ਸਮਾਪਤ ਹੋਈ ਕਿ ਉਹ ਸਾਰੇ ਵਾਤਾਵਰਨ ਪੱਖੀ ਪਰਾਲੀ ਪ੍ਰਬੰਧਨ ਨੂੰ ਲਾਗੂ ਕਰਨ ਵਿਚ ਪੂਰਾ ਸਹਿਯੋਗ ਦੇਣਗੇ | ਸ਼੍ਰੀ ਬੈਂਬੀ ਅਤੇ ਸ਼੍ਰੀ ਅੱਤਰੀ ਨੇ ਕਿਸਾਨਾਂ, ਉਦਯੋਗਪਤੀਆਂ ਅਤੇ ਬੇਲਰ ਮਾਲਕਾਂ ਨੂੰ ਸੰਗਰੂਰ ਜ਼ਿਲ੍ਹੇ ਵਿਚ ਵਾਤਾਵਰਨ ਅਤੇ ਜਨਤਕ ਸਿਹਤ ਦੀ ਰੱਖਿਆ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ | ਮੀਟਿੰਗ ਵਿਚ ਵੱਖ-ਵੱਖ ਉਦਯੋਗਿਕ ਯੂਨਿਟਾਂ ਦੇ ਨੁਮਾਇੰਦੇ, ਬੇਲਰ ਮਾਲਕ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ |